
Punjab News :ਪਹਿਲੇ ਪੜਾਅ ਤਹਿਤ ਸੇਵਾ ਨਿਭਾਅ ਰਹੇ ਅਤੇ ਸੇਵਾਮੁਕਤ ਫੌਜੀਆਂ ਦੇ 240 ਆਸ਼ਰਿਤਾਂ ਨੂੰ ਦਿੱਤੀ ਜਾਵੇਗੀ ਸਿਖਲਾਈ: ਅਮਨ ਅਰੋੜਾ
Punjab News : ਉਦਯੋਗਿਕ ਖੇਤਰ ਦੀਆਂ ਲੋੜਾਂ ਅਨੁਸਾਰ ਉਮੀਦਵਾਰਾਂ ਨੂੰ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਉਪਲਬਧ ਮੌਕਿਆਂ ਮੁਤਾਬਕ ਉਨ੍ਹਾਂ ਦੀ ਯੋਗਤਾ ਵਿੱਚ ਸੁਧਾਰ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ, ਅੰਮ੍ਰਿਤਸਰ ਨਾਲ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਦਾ ਉਦੇਸ਼ ਅੰਮ੍ਰਿਤਸਰ ਵਿੱਚ ਰਹਿ ਰਹੀਆਂ ਵੀਰ ਨਾਰੀਆਂ, ਰੱਖਿਆ ਕਰਮੀਆਂ, ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜੇ.ਸੀ.ਓਜ਼ ਦੇ ਪਰਿਵਾਰਾਂ, ਜੰਗੀ ਵਿਧਵਾਵਾਂ ਅਤੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਹੁਨਰ ਅਤੇ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਨਾ ਹੈ।
ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਉਤੇ ਪੀ.ਐਸ.ਡੀ.ਐਮ. ਦੇ ਮਿਸ਼ਨ ਡਾਇਰੈਕਟਰ ਆਈ.ਏ.ਐਸ. ਮਿਸ ਅੰਮ੍ਰਿਤ ਸਿੰਘ ਅਤੇ ਭਾਰਤੀ ਫੌਜ ਦੀ ਅੰਮ੍ਰਿਤਸਰ ਪੈਂਥਰ ਇਨਫੈਂਟਰੀ ਡਿਵੀਜ਼ਨ ਦੇ 15ਵੇਂ ਡੀ.ਓ.ਯੂ. ਦੇ ਕਮਾਂਡਿੰਗ ਅਫ਼ਸਰ ਕਰਨਲ ਮਿਲਨ ਪਾਂਡੇ ਵੱਲੋਂ ਹਸਤਾਖ਼ਰ ਕੀਤੇ ਗਏ।
ਇਸ ਭਾਈਵਾਲੀ ਲਈ ਪੀ.ਐਸ.ਡੀ.ਐਮ. ਦੀ ਸ਼ਲਾਘਾ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਫੌਜੀ ਜਵਾਨਾਂ ਦੇ ਕੁੱਲ 240 ਆਸ਼ਰਿਤਾਂ ਨੂੰ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ, ਅੰਮ੍ਰਿਤਸਰ ਵਿਖੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਿਕ ਖੇਤਰ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਿਸ਼ਨ ਵੱਲੋਂ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਫੌਜੀਆਂ ਦੇ ਆਸ਼ਰਿਤਾਂ ਦੀ ਸਹਾਇਤਾ ਲਈ ਭਾਰਤੀ ਫੌਜ ਨਾਲ ਕੀਤੀ ਗਈ ਇਹ ਭਾਈਵਾਲੀ ਇਸ ਦਿਸ਼ਾ ਵਿੱਚ ਵੱਡਾ ਕਦਮ ਹੈ।
ਪੀ.ਐਸ.ਡੀ.ਐਮ. ਦੇ ਡਾਇਰੈਕਟਰ ਨੇ ਦੱਸਿਆ ਕਿ ਸੰਕਲਪ ਸਕੀਮ ਅਧੀਨ ਦਿੱਤੀ ਜਾਣ ਵਾਲੀ ਇਹ ਸਿਖਲਾਈ ਬਿਊਟੀ ਥੈਰੇਪਿਸਟ, ਡੋਮੈਸਟਿਕ ਡਾਟਾ ਐਂਟਰੀ ਅਪਰੇਟਰ, ਸੈਲਫ-ਇੰਪਲਾਇਡ ਟੇਲਰ ਅਤੇ ਚਾਈਲਡ ਕੇਅਰ ਟੇਕਰ (ਨਾਨ-ਕਲੀਨਿਕਲ) ਵਰਗੇ ਕੋਰਸਾਂ ਉੱਤੇ ਕੇਂਦਰਿਤ ਹੋਵੇਗੀ। ਇਸ ਸਿਖਲਾਈ ਦਾ ਮੁੱਖ ਟੀਚਾ ਉਮੀਦਵਾਰਾਂ ਦੇ ਹੁਨਰ ਅਤੇ ਮੁਹਾਰਤ ਨੂੰ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਨਿਖਾਰਨਾ ਹੈ ਅਤੇ ਉਹਨਾਂ ਨੂੰ ਬਿਹਤਰ ਢੰਗ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਣਾ ਹੈ।
(For more news apart from Punjab Skill Development Mission will provide free training to war widows and families of JCOs News in Punjabi, stay tuned to Rozana Spokesman)