
ਫੂਡ ਸੇਫਟੀ ਟੀਮ ਵੱਲੋਂ ਮਿਲਾਵਟਖੋਰਾਂ 'ਤੇ ਕਈ ਦਿਨਾਂ ਦੀ ਤਿੱਖੀ ਨਜ਼ਰ ਰੱਖਣ ਤੋਂ ਬਾਅਦ ਆਖਿਰ
ਚੰਡੀਗੜ੍ਹ : ਫੂਡ ਸੇਫਟੀ ਟੀਮ ਵੱਲੋਂ ਮਿਲਾਵਟਖੋਰਾਂ 'ਤੇ ਕਈ ਦਿਨਾਂ ਦੀ ਤਿੱਖੀ ਨਜ਼ਰ ਰੱਖਣ ਤੋਂ ਬਾਅਦ ਆਖਿਰ, ਵੱਡੀਆਂ ਕੰਪਨੀਆਂ ਦੇ ਪਦਾਰਥਾਂ ਦੇ ਨਾਂ ਹੇਠ ਜਾਅਲ੍ਹੀ ਪਦਾਰਥ ਬਨਾਉਣ ਵਾਲੇ ਮਾਨਸਾ ਦੇ ਇੱਕ ਮਿਲਾਵਟਖੋਰ ਨੂੰ ਦਬੋਚਿਆ ਲਿਆ ਗਿਆ। ਇਹ ਜਾਣਕਾਰੀ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ,ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਸ੍ਰੀ ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਵੱਲੋਂ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਕਰੀਬ ਅੱਧੀ ਰਾਤ ਨੂੰ ਮਾਨਸਾ ਦੇ ਇਸ ਘਰ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਇਹ ਗੋਰਖਧੰਦਾ ਚਲਾਇਆ ਜਾ ਰਿਹਾ ਸੀ।
ਉਹਨਾਂ ਦੱਸਿਆ ਕਿ ਮਾਨਸਾ ਵਿੱਚ ਸਥਿਤ ਇੱਕ ਘਰ ਨੂੰ ਵੱਡੇ ਤੇ ਮਸ਼ਹੂਰ ਬ੍ਰਾਂਡਾਂ ਦੇ ਨਾਂ ਹੇਠ ਨਕਲੀ ਪਦਾਰਥ ਬਨਾਉਣ ਲਈ ਵਰਤਿਆ ਜਾ ਰਿਹਾ ਸੀ। ਦੋਸ਼ੀ ਨੂੰ ਵੇਰਕਾ, ਅਮੁੱਲ, ਮਿਲਕਫੂਡ ਘੀ ਆਦਿ ਦੇ ਨਕਲੀ ਪਦਾਰਥ ਬਨਾਉਂਦਿਆਂ ਫੜਿਆ ਗਿਆ। ਇਸਦੇ ਨਾਲ ਹੀ ਟਾਟਾ ਨਮਕ, ਗੁੱਡ ਡੇਅ ਨਮਕ, ਟਾਈਡ ਡਿਟਰਜੈਂਟ ਅਤੇ ਮਸ਼ਹੂਰ ਬ੍ਰਾਂਡਾਂ ਦੇ ਲੇਬਲ ਹੇਠ ਬਣਾਏ ਜਾਂਦੇ ਕਈ ਹੋਰ ਨਕਲੀ Àਤਪਾਦ ਵੀ ਮੌਕੇ ਤੋਂ ਬਰਾਮਦ ਕੀਤੇ ਗਏ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਬਨਾਸਪਤੀ ਚਰਬੀ ਮਿਸ਼ਰਣ ਤੋਂ ਦੇਸੀ ਘੀ ਤਿਆਰ ਕਰਨ , ਪੈਕਟਾਂ ਉੱਤੇ ਮੋਹਰਾਂ ਅਤੇ ਲੇਬਲ ਲਾਉਣ ਦਾ ਕੰਮ ਆਪਣੇ ਘਰ ਵਿੱਚ ਹੀ ਕਰਦਾ ਸੀ।
ਬਾਜ਼ਾਰ ਵਿੱਚ ਪ੍ਰਚਲਿੱਤ ਮਸ਼ਹੂਰ ਕੰਪਨੀਆਂ ਦੇ ਦੇਸੀ ਘੀ ਵਰਗਾ ਨਕਲੀ ਘੀ ਤਿਆਰ ਕਰਨ ਲਈ ਉਕਤ ਪੰਜ ਬਨਾਸਪਤੀ ਕੰਪਨੀਆਂ ਅਤੇ ਤਿੰਨ ਸਸਤੀਆਂ ਕੰਪਨੀਆਂ ਦੇ ਦੇਸੀ ਘੀ ਨੂੰ ਰਲਾ ਮਿਲਾਕੇ ਵਰਤਦਾ ਸੀ। ਬਨਾਸਪਤੀ , ਕੁਕਿੰਗ ਮੀਡੀਅਮ ਤੇ ਤੇਲਾਂ ਦੇ ਮਿਸ਼ਰਣ ਤੋਂ ਦੇਸੀ ਘੀ ਬਨਾਉਣ ਲਈ ਉਸਨੇ ਇੱਕ 'ਚੁੱਲ੍ਹਾ ਸਿਲੈਂਡਰ' ਵੀ ਰੱਖਿਆ ਹੋਇਆ ਸੀ। ਉਕਤ ਸਥਾਨ ਤੋਂ ਕਈ ਹੋਰ ਮਸ਼ਹੂਰ ਕੰਪਨੀਆਂ ਦੇ ਲੇਬਲ ਵੀ ਬਰਾਮਦ ਹੋਏ ਹਨ, ਜੋ ਕਿ ਕਈ ਹੋਰ ਵੱਖ-ਵੱਖ ਥਾਵਾਂ ਦੇ ਲੋਕਾਂ ਵੱਲੋਂ ਅਜਿਹੇ ਨਕਲੀ ਪਦਾਰਥ ਤਿਆਰ ਕਰਨ ਤੇ ਵੇਚਣ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੇ ਹਨ।
ਇਸ ਛਾਪੇਮਾਰੀ ਦੌਰਾਨ ਟਾਟਾ ਟੀ ਗੋਲਡ ਦੇ ਕਰੀਬ 700 ਛਪੇ ਹੋਏ ਪੈਕਟ ਬਰਾਮਦ ਹੋਏ ਜਿੰਨਾਂ ਵਿੱਚ ਹਲਕੇ ਦਰਜੇ ਦੀ ਚਾਹ ਪੱਤੀ ਭਰੀ ਗਈ ਸੀ। ਛਾਪੇਮਾਰੀ ਦੌਰਾਨ ਮਿਲਿਆ ਸਾਰਾ ਸਟਾਕ ਜਿਸ ਵਿੱਚ ਰੈਪਰਜ਼ ਤੇ ਪੈਕਟ ਆਦਿ ਮੌਜੂਦ ਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਉਕਤ ਦੋਸ਼ੀ 'ਤੇ ਸਬੰਧਤ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਹੀ ਸਰ੍ਹੋਂ ਦੇ ਤੇਲ ਦੀ ਨਕਲੀ ਲੇਬਲਿੰਗ ਦਾ ਇੱਕ ਮਾਮਲਾ ਸੰਗਰੂਰ ਵਿੱਚ ਵੀ ਸਾਹਮਣੇ ਆਇਆ ਹੈ ਜਿੱਥੇ ਕਿ ਗਣੇਸ਼ ਟਰੇਡਿੰਗ ਕੰਪਨੀ ਵੱਲੋਂ ਰਾਈਸ ਬਰਾਨ ਆਇਲ ਨੂੰ ਸ਼ੁੱਧ ਸਰ੍ਹੋਂ ਦਾ ਤੇਲ ਕਹਿਕੇ ਵੇਚਿਆ ਜਾਂਦਾ ਸੀ। ਕੰਪਨੀ ਮਾਲਕ ਵੱਲੋਂ ਆਪਣਾ ਦੋਸ਼ ਕਬੂਲਿਆ ਗਿਆ, ਮੌਕੇ ਤੇ ਸੈਂਪਲ ਲਏ ਗਏ ਅਤੇ ਯੂਨਿਟ ਨੂੰ ਸੀਲ ਕਰ ਦਿੱਤਾ ਗਿਆ।