
ਸੁਪਰੀਮ ਕੋਰਟ ਦੇ ਜੱਜ ਹੇਮੰਤ ਗੁਪਤਾ ਦਾ ਬਿਆਨ, ਸਿੱਖਾਂ ਵੱਲੋਂ ਕੀਤੀ ਜਾਂਦੀ ਲੰਗਰ ਦੀ ਸੇਵਾ ਦਾ ਦਿੱਤਾ ਹਵਾਲਾ
ਲੁਧਿਆਣਾ (ਵਿਸ਼ਾਲ ਕਪੂਰ)- ਲੁਧਿਆਣਾ ਕੋਰਟ ਕੰਪਲੈਕਸ ਨੂੰ ਇਕ ਨਵੀਂ ਇਮਾਰਤ ਮਿਲ ਗਈ ਹੈ ਜੋ ਮੌਜੂਦਾ ਸਮੇਂ ਦੇ ਹਿਸਾਬ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ। 7 ਮੰਜ਼ਿਲਾ ਇਸ ਸ਼ਾਨਦਾਰ ਇਮਾਰਤ ਦਾ ਉਦਘਾਟਨ ਮਾਣਯੋਗ ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਸੂਰੀਆ ਕਾਂਤ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੇਮੰਤ ਗੁਪਤਾ ਨੇ ਪੰਜਾਬ ਦੇ ਸ਼ਾਂਤਮਈ ਮਾਹੌਲ ਦੀ ਤਾਰੀਫ਼ ਕਰਦਿਆਂ ਆਖਿਆ ਕਿ ਸਿੱਖ ਕੌਮ ਵੱਲੋਂ ਕੁਦਰਤੀ ਆਫ਼ਤਾਂ ਦੇ ਮਾਰੇ ਲੋਕਾਂ ਲਈ ਜਾ ਕੇ ਲੰਗਰ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
Alternative Dispute Resolution Centre in Ludhiana opened
ਉਨ੍ਹਾਂ ਕਿਹਾ ਕਿ ਭਾਵੇਂ ਕੋਰਟ ਵਿਚ ਲੰਗਰ ਦੀ ਲੋੜ ਤਾਂ ਨਹੀਂ ਪਰ ਇੱਥੋਂ ਦੇ ਵਕੀਲਾਂ ਨੂੰ ਚਾਹੀਦਾ ਹੈ ਕਿ ਉਹ 10 ਫ਼ੀਸਦੀ ਗ਼ਰੀਬ ਲੋਕਾਂ ਦੇ ਕੇਸ ਮੁਫ਼ਤ ਵਿਚ ਲੜ ਕੇ ਲੋਕ ਸੇਵਾ ਵਿਚ ਅਪਣਾ ਯੋਗਦਾਨ ਪਾਉਣ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਆਖਿਆ ਕਿ ਇਹ ਬਣੀ ਇਮਾਰਤ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਇਮਾਰਤ ਵਿਚ 13 ਨਵੀਆਂ ਅਦਾਲਤਾਂ ਬਣਾਈਆਂ ਗਈਆਂ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਿਚ ਆਸਾਨੀ ਹੋ ਸਕੇ।
Justice Rajan Gupta
ਇਸ ਦੇ ਨਾਲ ਹੀ ਜਸਟਿਸ ਰਾਜਨ ਗੁਪਤਾ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਨੇ ਬੋਲਦਿਆਂ ਆਖਿਆ ਕਿ ਇਸ 7 ਮੰਜ਼ਿਲਾ ਇਮਾਰਤ ਨੂੰ ਬਣਾਉਣ ਲਈ ਕਰੀਬ 20 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਇਹ ਇਮਾਰਤ ਫੁਲੀ ਏਅਰ ਕੰਡੀਸ਼ਡ। ਦੱਸ ਦਈਏ ਕਿ ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕੁਮਾਰ ਜੈਨ ਸੈਸ਼ਨ ਡਿਵੀਜ਼ਨ ਲੁਧਿਆਣਾ, ਜਸਟਿਸ ਰਾਜਨ ਗੁਪਤਾ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਲਲਿਤ ਬਤਰਾ ਸੈਸ਼ਨ ਡਿਵੀਜ਼ਨ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ..ਜਦਕਿ ਲੁਧਿਆਣਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਅਤੇ ਹੋਰ ਜੱਜ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ।