
ਭਾਜਪਾ ਆਗੂਆਂ ਵਲੋਂ ਖੇਤੀ ਬਿੱਲਾਂ ਦਾ ਪ੍ਰਚਾਰ ਕਰਨ ਦਾ ਐਲਾਨ
ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਜਦਕਿ ਮੋਦੀ ਸਰਕਾਰ ਸਮੇਤ ਭਾਜਪਾ ਆਗੂ ਇਨ੍ਹਾਂ ਬਿੱਲਾਂ ਦੇ ਫ਼ਾਇਦੇ ਗਿਣਾਉਣ 'ਚ ਲੱਗੇ ਹੋਏ ਹਨ। ਹੁਣ ਕੁੱਝ ਭਾਜਪਾ ਆਗੂ ਬਿੱਲਾਂ ਦਾ ਪ੍ਰਚਾਰ ਕਰਨ ਸਬੰਧੀ ਐਲਾਨ ਕਰਨ ਲੱਗੇ ਹਨ ਜਿਸ ਤੋਂ ਕਿਸਾਨ ਹੋਰ ਭੜਕ ਗਏ ਹਨ।
Kisan Union
ਖ਼ਬਰਾਂ ਮੁਤਾਬਕ ਜ਼ਿਲ੍ਹਾ ਬਰਨਾਲਾ ਦੇ ਗੈਸਟ ਹਾਊਸ ਵਿਖੇ ਕੁੱਝ ਭਾਜਪਾ ਆਗੂਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਖੇਤੀ ਬਿੱਲਾਂ ਦਾ ਪ੍ਰਚਾਰ ਕਰਨ ਦਾ ਐਲਾਨ ਕੀਤਾ ਗਿਆ। ਇਸ ਦੀ ਭਿਣਕ ਪੈਣ 'ਤੇ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋ ਗਏ।
Kisan Union
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਬਰਨਾਲਾ ਦੇ ਰੈਸਟ ਹਾਊਸ ਦੇ ਗੇਟ 'ਤੇ ਭਾਜਪਾ ਆਗੂਆਂ ਦਾ ਘਿਰਾਉ ਕਰ ਕੇ ਵਿਰੋਧ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਸੂਬਾ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਪਿੰਡਾਂ ਵਿਚ ਖੇਤੀ ਬਿੱਲਾਂ ਦੇ ਹੱਕ ਵਿਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਉਣ ਦਾ ਗੱਲ ਕਹੀ।
Kisan Unions
ਇਸ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਅਤੇ ਮਹਿੰਦਰ ਸਿੰਘ ਵੜੈਚ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਭਾਜਪਾ ਆਗੂ ਪਿੰਡਾਂ ਵਿਚ ਇਸ ਬਿੱਲ ਦਾ ਸਮਰਥਨ ਕਰਨ ਆਏ ਤਾਂ ਘਿਰਾਉ ਕਰਕੇ ਬੰਦੀ ਬਣਾਇਆ ਜਾਵੇਗਾ। ਇਸ ਮੌਕੇ ਕਿਸਾਨਾਂ ਦੇ ਨਾਲ ਲੋਕ ਇਨਸਾਫ਼ ਪਾਰਟੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ 'ਚ ਹਰ ਤਰ੍ਹਾਂ ਦਾ ਸਾਥ ਦੇਣ ਦੀ ਵਚਨਬੱਧਾ ਪ੍ਰਗਟਾਈ।
Kisan Mazdoor Sangharsh Committee
ਕਾਬਲੇਗੌਰ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਅੰਦਰ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਖਿੱਚ ਰਹੇ ਹਨ। ਇਸੇ ਦੌਰਾਨ ਭਾਜਪਾ ਆਗੂਆਂ ਦੀ ਪੰਜਾਬ ਅੰਦਰ ਖੇਤੀ ਬਿੱਲਾਂ ਨੂੰ ਲੈ ਕੇ ਸਰਗਰਮੀ ਟਕਰਾਓ ਦਾ ਕਾਰਨ ਬਣ ਸਕਦੀ ਹੈ। ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਅਜਿਹੇ ਹੱਥਕੰਡੇ ਅਪਨਾਉਣ ਤੋਂ ਖ਼ਬਰਦਾਰ ਕਰਦਿਆਂ ਪਿੰਡਾਂ 'ਚ ਆਉਣ ਦੀ ਸੂਰਤ 'ਚ ਘਿਰਾਓ ਕਰਨ ਦੇ ਨਾਲ ਨਾਲ ਬੰਦੀ ਬਣਾਉਣ ਦੀ ਚਿਤਾਵਨੀ ਦਿਤੀ ਹੈ।