
ਸਾਬਕਾ ਪੰਚ ਦੀ ਗੋਲੀਆਂ ਮਾਰ ਕੇ ਹਤਿਆ
ਪੁਰਾਣੀ ਰੰਜ਼ਿਸ਼ ਤਹਿਤ ਦਿਤਾ ਵਾਰਦਾਤ ਨੂੰ ਅੰਜਾਮ
ਜਲੰਧਰ, 21 ਸਤੰਬਰ (ਪਪ): ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਵਿਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ (65 ਸਾਲ) ਦੀ ਰੰਜਿਸ ਦੇ ਚਲਦਿਆਂ ਗੋਲੀ ਮਾਰ ਕੇ ਹਤਿਆ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ. ਮਾਨ ਸਿੰਘ ਰਾਣਾ ਦੇ ਸਪੁੱਤਰ ਹਰਜੀਤ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਅੱਜ ਸਵੇਰ ਪਰਵਾਰ ਸਮੇਤ ਸੁਲਤਾਨਪੁਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦਰਸ਼ਨ ਲਈ ਚੱਲੇ ਸਨ। ਉਹ ਤਿਆਰ ਹੋ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਜੋ ਕਿ ਸਾਡੇ ਘਰ ਦੇ ਨਜ਼ਦੀਕ ਹੀ ਹੈ ਉਥੇ ਮੱਥਾ ਟੇਕਣ ਚਲੇ ਗਏ ਅਤੇ ਮੈਂ ਬਾਹਰ ਗੇਟ ਕੋਲ ਖੜ੍ਹਾ ਸੀ। ਜਦ ਮੇਰੇ ਪਿਤਾ ਰਸਤੇ ਵਿਚ ਜਾ ਰਹੇ ਸਨ ਤਾਂ ਉਨ੍ਹਾਂ ਕੋਲ ਚਿੱਟੇ ਰੰਗ ਦੀ ਮਾਰੂਤੀ ਜੋ ਜਮਸ਼ੇਰ ਵਲ ਆ ਰਹੀ ਸੀ ਰੁਕੀ।ਉਸ ਵਿਚੋਂ ਜਸਕਰਨ ਸਿੰਘ ਉਰਫ਼ ਜੱਸਾ ਸਿੰਘ ਪੁੱਤਰ ਬਹਾਦਰ ਸਿੰਘ, ਬਹਾਦਰ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਸਤਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਜਮਸ਼ੇਰ ਉਤਰੇ। ਬਹਾਦਰ ਸਿੰਘ ਅਤੇ ਸਤਵਿੰਦਰ ਸਿੰਘ ਨੇ ਮੇਰੇ ਪਿਤਾ ਨੂੰ ਜੱਫਾ ਮਾਰ ਲਿਆ ਅਤੇ ਜਸਕਰਨ ਸਿੰਘ ਦੇ ਹੱਥ ਵਿਚ ਪਿਸਤੌਲ ਸੀ ਉਸ ਨੇ ਮੇਰੇ ਪਿਤਾ ਉੱਪਰ ਚਾਰ-ਪੰਜ ਫ਼ਾਇਰ ਕੀਤੇ। ਮੈਂ ਬਚਾਉ-ਬਚਾਉ ਦਾ ਰੌਲਾ ਪਾਇਆ ਤਾਂ ਡਰਾਇਵਰ ਨੇ ਕਾਰ ਜਲੰਧਰ ਵੱਲ ਮੋੜ ਲਈ ਅਤੇ ਉਕਤ ਵਿਅਕਤੀ ਜਲਦਬਾਜ਼ੀ ਵਿਚ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਏ। ਗੋਲੀਆਂ ਲੱਗਣ ਤੋਂ ਬਾਅਦ ਮਾਨ ਸਿੰਘ ਨੂੰ ਜਲੰਧਰ ਦੇ ਹਸਪਤਾਲ ਵਿਚ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿਤਾ। ਉਨ੍ਹਾਂ ਅੱਗੇ ਦਸਿਆ ਕਿ ਇੰਦਰਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਜਮਸ਼ੇਰ ਖਾਸ ਜੋ ਕਪੂਰਥਲਾ ਜੇਲ ਵਿਚ ਸਜ਼ਾ ਕੱਟ ਰਿਹਾ ਹੈ ਨੇ ਅਪਣੇ ਸਾਥੀਆਂ ਨਾਲ ਹਮਸਲਾਹ ਹੋ ਕੇ ਮੇਰੇ ਪਿਤਾ ਦੀ ਹਤਿਆ ਕਰਵਾਈ ਹੈ। ਏਸੀਪੀ ਧਰਮਪਾਲ ਨੇimage ਕਿਹਾ ਕਿ ਹਰਜੀਤ ਸਿੰਘ ਪੁੱਤਰ ਸਵ. ਮਾਨ ਸਿੰਘ ਦੇ ਬਿਆਨ ਦੇ ਆਧਾਰ ਉੱਤੇ ਮੁਕੱਦਮਾ ਕਰਜ ਕਰ ਲਿਆ ਗਿਆ ਹੈ। ਰੰਜਿਸ਼ ਦੇ ਚਲਦਿਆਂ ਜਸਕਰਨ ਸਿੰਘ ਉਰਫ਼ ਜੱਸਾ ਨੇ ਅਪਣੇ ਸਾਥੀਆਂ ਨਾਲ ਹਮਸਲਾਹ ਹੋ ਕੇ ਮਾਨ ਸਿੰਘ ਦੀ ਹਤਿਆ ਕੀਤੀ ਹੈ।