
ਚੰਨੀ ਸਰਕਾਰ ਦੇ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਚਲ ਰਹੇ ਹਨ ਵਿਚਾਰ ਵਟਾਂਦਰੇ
ਦਿੱਲੀ 'ਚ ਮੁੱਖ ਮੰਤਰੀ, ਉਪ ਮੁੱਖ ਮੰਤਰੀਆਂ ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਹਾਈਕਮਾਨ ਨਾਲ ਕੀਤੀਆਂ ਮੀਟਿੰਗਾਂ
ਚੰਡੀਗੜ੍ਹ, 21 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਵਲੋਂ ਅਹੁਦਾ ਸੰਭਾਲੇ ਜਾਣ ਬਾਅਦ ਹੁਣ ਮੰਤਰੀ ਮੰਡਲ ਦੇ ਗਠਨ ਲਈ ਸਰਗਰਮੀਆਂ ਚਲ ਰਹੀਆਂ ਹਨ | ਚੰਨੀ ਸਰਕਾਰ ਦੇ ਨਵੇਂ ਮੰਤਰੀਆਂ ਦੀ ਟੀਮ ਕਾਂਗਰਸ ਹਾਈਕਮਾਨ ਦੀ ਪ੍ਰਵਾਨਗੀ ਨਾਲ ਬਣਨੀ ਹੈ | ਇਸ ਸਬੰਧ ਵਿਚ ਹਾਈਕਮਾਨ ਨਾਲ ਚਰਚਾ ਲਈ ਅੱਜ ਮੁੱਖ ਮੰਤਰੀ ਅਤੇ ਦੋਵੇਂ ਉਪ ਮੁੱਖ ਮੰਤਰੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਨਾਲ ਲੈ ਕੇ ਦਿੱਲੀ ਗਏ ਹਨ | ਦਿੱਲੀ ਪੁੱਜਣ ਬਾਅਦ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਜੋ ਦੇਰ ਸ਼ਾਮ ਤੋਂ ਬਾਅਦ ਵੀ ਜਾਰੀ ਸੀ |
ਮੰਤਰੀ ਦੀ ਝੰਡੀ ਪਾਉਣ ਦੇ ਕਈ ਇੱਛੁਕ ਵਿਧਾਇਕਾਂ ਦੇ ਵੀ ਅੱਜ ਦਿੱਲੀ ਪਹੁੰਚਣ ਦੀਆਂ ਖ਼ਬਰਾਂ ਹਨ | ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਜਨਰਲ ਸਕੱਤਰ ਪ੍ਰਗਟ ਸਿੰਘ ਤੇ ਵਿਧਾਇਕ ਪਰਮਿੰਦਰ ਪਿੰਕੀ ਵੀ ਦਿੱਲੀ ਗਏ ਹਲ | ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਨੇ ਨਵਜੋਤ ਸਿੱਧੂ ਦੀ ਮੌਜੂਦਗੀ ਵਿਚ ਅੱਜ ਸੱਭ ਤੋਂ ਪਹਿਲਾਂ ਸੀਨੀਅਰ ਨੇਤਾ ਅੰਬਿਕਾ ਸੋਨੀ ਨਾਲ ਮੁਲਾਕਾਤ ਕੀਤੀ | ਉਸ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੇਣੂ ਗੋਪਾਲ ਨਾਲ ਦੇਰ ਸ਼ਾਮ ਤਕ ਵਿਚਾਰ ਵਟਾਂਦਰੇ ਚਲੇ | ਪਤਾ ਲੱਗਾ ਹੈ ਕਿ ਕੇ.ਸੀ. ਵੇਣੂ ਗੋਪਾਲ ਦੀ ਮੀਟਿੰਗ ਦੌਰਾਨ ਸ਼ਿਮਲਾ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਵੀ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਸੰਭਾਲੀ ਮੰਤਰੀ ਮੰਡਲ ਨੂੰ ਲੈ ਕੇ ਵਰਚੂਅਲ ਮੀਟਿੰਗ ਹੋਈ |
ਸੂਤਰਾਂ ਦੀ ਮੰਨੀੲੈ ਤਾਂ ਮੁੱਖ ਮੰਤਰੀ ਚੰਨੀ ਤੇ ਸਿੱਧੂ ਕਿਸੇ ਵੀ ਦਾਗ਼ੀ ਚਿਹਰੇ ਨੂੰ ਮੰਤਰੀ ਮੰਡਲ ਵਿਚ ਲੈਣਾ ਨਹੀਂ ਚਾਹੁੰਦੇ ਅਤੇ ਚੰਗੇ ਨਵੇਂ ਚਿਹਰਿਆਂ ਨੂੰ ਥਾਂ ਦੇਣਾ ਚਾਹੁੰਦੇ ਹਨ | ਲਗਭਗ ਅੱਧੀ ਦਰਜਨ ਪੁਰਾਣੇ ਮੰਤਰੀਆਂ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਪਰ ਅੰਤਮ ਫ਼ੈਸਲਾ ਪਾਰਟੀ ਹਾਈਕਮਾਨ ਦੇ ਹੀ ਹੱਥ ਹੈ |