
ਦੁਨੀਆਂ ਦਾ ਪਹਿਲਾ ਗੁਰੂ ਗ੍ਰੰਥ ਸਾਹਿਬ ਬਾਗ਼ ਮੋਗਾ ਵਿਚ ਸਥਾਪਤ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜ਼ਿਕਰ ਕੀਤੇ ਸਾਰੇ 58 ਪ੍ਰਕਾਰ ਦੇ ਪੌਦੇ ਮੌਜੂਦ
ਮੋਗਾ, 21 ਸਤੰਬਰ: ਸੋਮਵਾਰ ਨੂੰ ਪਿੰਡ ਪੱਤੋ ਹੀਰਾ ਸਿੰਘ ਵਾਲਾ ਦੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਦੁਨੀਆਂ ਦੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ਼ ਦਾ ਉਦਘਾਟਨ ਕੀਤਾ ਗਿਆ | ਇਹ ਸ਼ਲਾਘਾਯੋਗ ਉਪਰਾਲਾ ਅਮਰੀਕਾ ਦੀ ਸੰਸਥਾ ਈਕੋ ਸਿੱਖ ਐਂਡ ਪੈਟਲਸ ਵਲੋਂ ਕੀਤਾ ਗਿਆ ਹੈ | ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਚਰਨ ਸਿੰਘ ਮੁੰਬਈ, ਸੰਤ ਗੁਰਮੀਤ ਸਿੰਘ, ਖੋਸਾ ਪਾਂਡੋ ਦੇ ਚਾਰ ਗੁਰਦੁਆਰਿਆਂ ਦੇ ਮੁਖੀ ਆਦਿ ਵੀ ਹਾਜ਼ਰ ਸਨ | ਇਸ ਬਾਗ਼ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਜ਼ਿਕਰ ਕੀਤੇ ਸਾਰੇ 58 ਪ੍ਰਕਾਰ ਦੇ ਪੌਦੇ ਮੌਜੂਦ ਹਨ |
ਇਸ ਮੌਕੇ ਮੌਜੂਦ ਡੀਸੀ ਸੰਦੀਪ ਹੰਸ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਸ ਕੰਮ ਵਿਚ ਮਸਸ਼ੂਰ ਸੰਸਥਾਵਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਅੱਗੇ ਆ ਰਹੀਆਂ ਹਨ | ਅਜਿਹੇ ਕਿਸੇ ਵੀ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ | ਉਨ੍ਹਾਂ ਕਿਹਾ ਕਿ ਮੋਗਾ ਨੂੰ ਨੀਤੀ ਆਯੋਗ, ਭਾਰਤ ਸਰਕਾਰ ਦੁਆਰਾ ਦਸ ਸਾਲਾਂ ਵਿਚ 100 ਕਰੋੜ ਬੂਟੇ ਲਗਾਉਣ ਦਾ ਟੀਚਾ ਦਿਤਾ ਗਿਆ ਹੈ, ਇਹ ਟੀਚਾ ਇਸੇ ਤਰ੍ਹਾਂ ਦੇ ਯਤਨਾਂ ਨਾਲ ਪ੍ਰਾਪਤ ਕੀਤਾ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਈਕੋ ਸਿੱਖ ਸੰਸਥਾ ਅਤੇ ਪੈਟਲਸ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਦੀਨਾ ਸਾਹਿਬ ਵਿਚ ਵੀ ਜਲਦ ਹੀ ਅਜਿਹਾ ਬਾਗ਼ ਲਾਇਆ ਜਾਵੇਗਾ | ਨਾ ਸਿਰਫ਼ ਪੰਜਾਬ ਲਈ, ਬਲਕਿ ਵਿਸ਼ਵ ਲਈ, ਇਹ ਬਾਗ਼ ਧਰਮ ਨਾਲ ਜੁੜ ਕੇ ਵਾਤਾਵਰਣ ਨੂੰ ਸੁਧਾਰਨ ਦੀ ਪ੍ਰੇਰਣਾ ਦੇਵੇਗਾ | ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਏ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਧਰਤੀ ਉੱਤੇ ਅਪਣੇ ਪੈਰ ਰੱਖੇ ਸਨ |
ਦਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਦਰੱਖ਼ਤਾਂ ਅਤੇ ਪੌਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਸਾਰਿਆਂ ਨੂੰ ਇਥੇ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਮ ਉਨ੍ਹਾਂ ਦੇ ਸਾਹਮਣੇ ਲਿਖੇ ਗਏ ਹਨ ਅਤੇ ਗੁਰਬਾਣੀ ਦੀ ਪਵਿੱਤਰ ਬਾਣੀ ਪੱਥਰਾਂ ਉੱਤੇ ਉਕੇਰੀ ਗਈ ਹੈ | ਇਸ ਕਦਮ ਨਾਲ ਆਉਣ ਵਾਲੇ ਲੋਕਾਂ ਨੂੰ ਸਿੱਖਾਂ ਦੇ ਧਰਮ ਗ੍ਰੰਥਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲੇਗੀ ਤੇ ਇਸ ਨਾਲ ਹੀ ਵਾਤਾਵਰਣ ਦੀ ਸੰਭਾਲ ਕਰਨ ਲਈ ਵੀ ਪ੍ਰੇਰਣਾ ਮਿਲੇਗੀ |