
ਮੁੱਖ ਦੋਸ਼ੀ ਮੰਨੇ ਜਾਂਦੇ ਠੇਕੇਦਾਰ ਗੁਰਿੰਦਰ ਸਿੰਘ ਤੋਂ ਵਿਜੀਲੈਂਸ ਨੇ ਬੁੱਧਵਾਰ ਨੂੰ ਕਰੀਬ 4 ਘੰਟੇ ਪੁੱਛਗਿੱਛ ਕੀਤੀ।
ਚੰਡੀਗੜ੍ਹ - ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ 1000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਠੇਕੇਦਾਰ ਗੁਰਿੰਦਰ ਸਿੰਘ ਤੋਂ ਵਿਜੀਲੈਂਸ ਨੇ ਬੁੱਧਵਾਰ ਨੂੰ ਕਰੀਬ 4 ਘੰਟੇ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਵਿਜੀਲੈਂਸ ਵੱਲੋਂ ਮੁਹਾਲੀ ਦਫ਼ਤਰ ਵਿਚ ਕੀਤੀ ਗਈ ਅਤੇ ਕਰੀਬ 80 ਸਵਾਲ ਪੁੱਛੇ ਗਏ। ਗੁਰਿੰਦਰ ਨੂੰ ਪੁੱਛਿਆ ਗਿਆ ਕਿ ਸਬੰਧਤ ਸਿੰਚਾਈ ਪ੍ਰਾਜੈਕਟ ਕਦੋਂ ਦਿੱਤਾ ਗਿਆ ਸੀ। ਇਸ ਵਿਚ ਕਿਹੜੀਆਂ ਨਹਿਰਾਂ ਦਾ ਕੰਮ ਕੀਤਾ ਜਾਣਾ ਸੀ ਅਤੇ ਕਿਸ ਠੇਕੇਦਾਰ ਨੂੰ ਇਹ ਕੰਮ ਸੌਂਪਿਆ ਗਿਆ ਸੀ। ਇਸ ਵਿਚ ਮੰਤਰੀਆਂ ਅਤੇ ਅਧਿਕਾਰੀਆਂ ਦੀ ਕੀ ਭੂਮਿਕਾ ਰਹੀ ਹੈ।
ਸੂਤਰਾਂ ਮੁਤਾਬਕ ਗੁਰਿੰਦਰ ਇਨ੍ਹਾਂ ਸਾਰੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਸਕਿਆ ਹੈ, ਇਸ ਲਈ ਹੁਣ ਵਿਜੀਲੈਂਸ ਉਸ ਤੋਂ ਦੁਬਾਰਾ ਪੁੱਛਗਿੱਛ ਕਰੇਗੀ, ਜਦਕਿ ਵੱਖ-ਵੱਖ ਸਾਬਕਾ ਮੰਤਰੀਆਂ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿਚ ਵਿਜੀਲੈਂਸ ਨੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ 3 ਸੇਵਾਮੁਕਤ ਆਈਏਐਸ ਅਧਿਕਾਰੀਆਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ।
ਗੁਰਿੰਦਰ ਠੇਕੇਦਾਰ ਨੇ ਇਸ ਮਾਮਲੇ ਵਿਚ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਤਿੰਨ ਸੇਵਾਮੁਕਤ ਆਈਏਐਸ ਅਧਿਕਾਰੀਆਂ ਨੂੰ ਵਿਜੀਲੈਂਸ ਕੋਲ ਨਾਮਜ਼ਦ ਕੀਤਾ ਸੀ। ਵਿਜੀਲੈਂਸ ਇੱਕ-ਦੋ ਦਿਨਾਂ ਵਿਚ ਸੇਖੋਂ ਅਤੇ ਢਿੱਲੋਂ ਤੋਂ ਪੁੱਛਗਿੱਛ ਕਰ ਸਕਦੀ ਹੈ।
ਗੁਰਿੰਦਰ ਠੇਕੇਦਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਵਿਜੀਲੈਂਸ ਦੇ ਜਾਂਚ ਅਧਿਕਾਰੀ ਸਬੰਧਤ ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਤੋਂ ਇਕ-ਇਕ ਕਰਕੇ ਪੁੱਛਗਿੱਛ ਕਰਨਗੇ।
ਇਸ ਘੁਟਾਲੇ ਦੇ ਮੁੱਖ ਮੁਲਜ਼ਮ ਗੁਰਿੰਦਰ ਸਿੰਘ, ਜਿਸ ਨੂੰ ਅਗਸਤ 2017 ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਨੇ ਹਲਫ਼ਨਾਮਾ ਦੇ ਕੇ ਕਿਹਾ ਸੀ ਕਿ ਉਸ ਨੇ ਕੰਮ ਕਰਵਾਉਣ, ਬਿੱਲ ਪਾਸ ਕਰਵਾਉਣ ਅਤੇ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਕੰਮ ਕਰਵਾਉਣ ਬਦਲੇ ਉਸ ਤੋਂ ਮੋਟੀ ਰਕਮ ਵਸੂਲੀ ਸੀ।