
Punjab News: ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤਾਂ ਬਾਰੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨਾਲ ਖ਼ਾਸ ਗੱਲਬਾਤ
ਮੁਹਾਲੀ : ਜ਼ਿੰਦਗੀ ਵਿਚ ਅਸੀਂ ਸਾਰੇ ਸਫ਼ਰ ਕਰਨ ਆਏ ਹਾਂ, ਪਰ ਸਫ਼ਰ ਕਿੰਨਾ ਸੋਹਣਾ ਹੈ, ਔਖਾ ਤੇ ਕਿੰਨਾ ਵੱਖਰਾ ਹੈ ਇਹ ਉਸ ਦੀ ਮੰਜ਼ਿਲ ਤਹਿ ਕਰਦੀ ਹੈ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ''ਸਫ਼ਰ ਵਿਦ ਨਿਮਰਤ ਕੌਰ'' ਪ੍ਰੋਗਰਾਮ ਵਿਚ ਵਿਚ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਨ੍ਹਾਂ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:
ਸਵਾਲ-ਤੁਹਾਡੀਆਂ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਤੋਂ ਲੱਗਦਾ ਤੁਸੀਂ ਸਫਰ ਵਿਚ ਨਵਾਂ ਮੋੜ ਲੈ ਲਿਆ, ਕੀ ਤੁਸੀਂ ਦੁਨੀਆ ਤੋਂ ਹਾਰ ਮੰਨ ਲਈ ਹੈ।
ਜਵਾਬ- ਕਿਸੇ ਪਾਰਟੀ ਵਿਚ ਨਾ ਹੋਣ ਕਰਕੇ ਪੰਜਾਬ ਦੇ ਲੋਕਾਂ ਦੀ ਪਿੱਛੋਂ ਆਵਾਜ਼ ਆ ਰਹੀ ਹੈ ਕਿ ਪੰਜਾਬ ਦੇ ਮੁੱਦੇ ਹੱਲ ਨਹੀਂ ਕੀਤੇ ਜਾ ਰਹੇ। ਪੰਜਾਬ ਪਿੱਛੜ ਰਿਹਾ ਹੈ। ਪੰਜਾਬ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਮੈਂ ਸੱਚੇ ਹਿਰਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਰਾਜਨੀਤੀ ਵਿਚ ਇਨਸਾਨ ਐਮਪੀ, ਕੈਬਨਿਟ ਮੰਤਰੀ, ਵਜ਼ੀਰ, ਮੁੱਖ ਮੰਤਰੀ ਬਣ ਸਕਦਾ ਹੈ। ਪੰਜਾਬ ਨੂੰ ਇਸ ਸਮੇਂ ਮਿਲ ਕੇ ਚੱਲਣ ਦੀ ਲੋੜ ਹੈ।
ਜਿਸ ਨੂੰ ਲੈ ਕੇ ਮੈਂ ਸੋਚਿਆ ਕਿ ਕਿਉਂ ਨਾ ਪੰਜਾਬ ਦਾ ਸਾਂਝੀਵਾਲਤਾ, ਪੰਜਾਬੀਅਤ ਦਾ ਇਕ ਖੇਤਰੀ ਮੰਚ ਹੋਵੇ? ਇਸ ਬਾਰੇ ਜਦੋਂ ਪਹਿਲੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਤਾਂ ਬਹੁਤ ਹੁਲਾਰਾ ਮਿਲਿਆ। ਸ਼ਹਿਰਾਂ, ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਕਿਹਾ ਕਿ ਤੁਸੀਂ ਰਾਜਨੀਤੀ ਤੋਂ ਹੱਟ ਕੇ ਕੁਝ ਵੱਖਰਾ ਕਰੋ। ਜੇ ਪੰਜਾਬ ਨੂੰ ਸੰਭਾਲਣ ਲਈ ਅਸੀਂ 3-4 ਮਹੀਨਿਆਂ ਵਿਚ 1 ਲ਼ੱਖ ਨੌਜਵਾਨਾਂ ਨਾਲ ਮਿਲ ਕੇ ਉਪਰਾਲਾ ਕਰੀਏ ਤਾਂ ਸ਼ਾਇਦ ਪੰਜਾਬ ਦੇ ਹਾਲਾਤ ਸੁਧਰ ਜਾਣ।
ਸਵਾਲ- ਮੈਂ ਤੁਹਾਡੀ ਸੋਚ ਨਾਲ ਸਹਿਮਤ ਹਾਂ, ਪਰ ਕੀ ਤੁਸੀਂ ਸਿਆਸਤ ਤੋਂ ਹਾਰ ਮੰਨ ਲਈ ਹੈ?
ਜਵਾਬ-ਨਹੀਂ, ਬਿਲਕੁਲ ਨਹੀਂ। ਮੈਂ ਸਿਆਸਤ ਤੋਂ ਹਾਰ ਨਹੀਂ ਮੰਨੀ। ਕਾਂਗਰਸ ਜਾਂ ਬਾਅਦ ਵਿਚ ਅਕਾਲੀ ਦਲ ਵਿਚ ਰਹਿੰਦਿਆਂ ਮੈਂ ਹਮੇਸ਼ਾਂ ਸੁਧਾਰ ਲਈ ਆਵਾਜ਼ ਚੁੱਕੀ ਹੈ। ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪਾਰਲੀਮੈਂਟ ਵਿਚ ਗੁਰਦੇਵ ਸਿੰਘ ਕਾਉਂਕੇ ਦੀ ਹੱਤਿਆ, ਜਸਵੰਤ ਸਿੰਘ ਖਾਲੜਾ ਦੇ ਕਤਲ, 1984 ਦੇ ਮੁੱਦੇ ਚੁੱਕੇ। ਪੰਜਾਬ ਦੇ ਪਾਣੀਆਂ ਦੀ ਪਾਰਲੀਮੈਂਟ ਵਿਚ ਗੱਲ ਕੀਤੀ। ਮੈਂ ਅਕਾਲੀ ਦਲ ਨੂੰ ਵੀ ਕਿਹਾ ਸੀ ਕਿ ਤੁਹਾਨੂੰ ਨਵੀਂ ਲੀਡਰਸ਼ਿਪ ਲੈ ਕੇ ਆਉਣੀ ਚਾਹੀਦੀ ਹੈ। ਇਸ ਨਾਲ ਅਕਾਲੀ ਦਲ ਵਿਚ ਸੁਧਾਰ ਹੋਵੇਗਾ ਪਰ ਮੈਨੂੰ ਹੀ ਅਕਾਲੀ ਦਲ ਵਿਚੋਂ ਬਾਹਰ ਕੱਢ ਦਿਤਾ। ਇਹ ਮੇਰੇ ਪੁਰਖਿਆਂ ਦੀ ਪਾਰਟੀ ਸੀ।
ਸਵਾਲ-ਤੁਸੀਂ ਕਹਿੰਦੇ ਪੰਜਾਬ ਨੇ ਬਟਵਾਰੇ ਦਾ ਸੇਕ ਹੰਢਾਇਆ। ਬਟਵਾਰੇ ਤੋਂ ਬਾਅਦ ਤੁਹਾਡੇ, ਮੇਰੇ ਪਿਤਾ ਸਣੇ ਹੋਰ ਬਹੁਤ ਰਿਫਿਊਜੀ ਬਣ ਕੇ ਆਏ ਪਰ ਉਨ੍ਹਾਂ ਦੇ ਕਿਰਦਾਰ 'ਤੇ ਅਸਰ ਨਹੀਂ ਪਿਆ, ਭਾਵੇਂ ਪੰਜਾਬ ਨੇ ਸੇਕ ਹੰਢਾਇਆ ਪਰ ਕਿਰਦਾਰ ਕਮਜ਼ੋਰ ਨਹੀਂ ਪਿਆ, ਪਰ ਅੱਜ ਸਾਨੂੰ ਕਿਰਦਾਰ ਹੀ ਨਹੀਂ ਮਿਲ ਰਹੇ?
ਜਵਾਬ-ਤੁਹਾਡੇ ਸਵਾਲ ਵਿਚੋਂ ਜਵਾਬ ਨਿਕਲਦਾ ਹੈ ਕਿ ਪੰਜਾਬ 50 ਸਾਲਾਂ ਵਿਚ ਆਪਣਾ ਲੀਡਰ ਕਿਉਂ ਨਹੀਂ ਬਣਾ ਸਕਿਆ। ਪੰਜਾਬ ਦਾ ਰੁਤਬਾ ਦੇਸ਼ ਦੀ ਸਿਆਸਤ ਵਿਚ ਬਿਲਕੁਲ ਜ਼ੀਰੋ ਹੋ ਗਿਆ। ਪੰਜਾਬ ਵਿਚ ਇਸ ਲਈ ਲੀਡਰ ਪੈਦਾ ਨਹੀਂ ਹੋਏ ਕਿ ਜਿਹੜੇ ਰਾਏ ਬਹਾਦਰ, ਸਰਦਾਰ ਬਹਾਦਰ ਅਖਵਾਉਂਦੇ ਸਨ ਉਨ੍ਹਾਂ ਨੇ ਜ਼ਿਆਦਾ ਸਮੇਂ ਲਈ ਕਾਬਜ਼ ਹੋਣ ਕਰਕੇ ਨਵੇਂ ਲੋਕਾਂ ਨੂੰ ਉਭਰਨ ਨਹੀਂ ਦਿੱਤਾ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਆਪਣੇ ਸਮੇਂ ਦੇ ਬੜੇ ਹੀ ਸੂਝਵਾਨ ਸਨ ਪਰ ਉਨ੍ਹਾਂ ਨੂੰ ਸਕੀਮ ਦੇ ਅਧੀਨ ਵੱਡੀ ਲੀਡਰਸ਼ਿਪ ਨੇ ਬੇੜੀਆਂ ਪਾ ਕੇ ਰੱਖਿਆਂ। ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਮੈਂ ਅਕਾਲੀ ਦਲ ਦੀ ਏਕਤਾ ਲਈ 4 ਲੀਡਰਾਂ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਰਵੀ ਕਾਹਲੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਂ ਲਏ ਤੇ ਕਿਹਾ ਕਿ ਮਾਝਾ, ਮਾਲਵਾ ਤੇ ਦੁਆਬਾ ਦੇ ਸੰਗਮ ਦਾ ਕੁਝ ਸਮੇਂ ਲਈ ਤਿਆਗ ਕਰ ਦੇਵੇ। ਲੋਕ ਤੁਹਾਨੂੰ ਕੁਝ ਸਮੇਂ ਬਾਅਦ ਫਿਰ ਲੈ ਆਉਣਗੇ ਜੇ ਉਦੋਂ ਮੇਰੀ ਗੱਲ ਮੰਨ ਲੈਂਦੇ ਤਾਂ ਅੱਜ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੋਣੀ ਸੀ ਪਰ ਅੱਜ ਲੋਕ ਅਕਾਲੀ ਦਲ ਦਾ ਇਤਿਹਾਸ, ਪੁਰਾਣੇ ਲੀਡਰਾਂ ਦਾ ਕਿਰਦਾਰ ਲੱਭ ਰਹੇ ਹਨ ਪਰ ਹੁਣ ਮਾਵਾਂ ਨੇ ਅਜਿਹੇ ਧੀਆਂ-ਪੁੱਤ ਜੰਮਣੇ ਬੰਦ ਕਰ ਦਿੱਤੇ। ਜਿਨ੍ਹਾਂ ਪੰਜਾਬੀ ਲੀਡਰਾਂ 'ਤੇ ਭਾਜਪਾ ਦੀ ਇਕ ਵਾਰ ਮੋਹਰ ਲੱਗ ਗਈ, ਅੱਜ ਲੋਕ ਉਨ੍ਹਾਂ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਦਾ ਅਧਿਕਾਰ ਨਹੀਂ ਦੇ ਰਹੇ।
ਸਵਾਲ- ਮਾਵਾਂ ਦਾ ਕਸੂਰ ਨਹੀਂ ਹੈ?
ਜਵਾਬ- ਮਾਵਾਂ ਦਾ ਨਹੀਂ ਕਸੂਰ ਨਹੀਂ ਪਰ ਪੁਰਾਣੇ ਲੀਡਰਾਂ ਦੇ ਕਿਰਦਾਰ ਤੇ ਮਿਆਰ ਵਾਲੇ ਹੁਣ ਬੰਦੇ ਨਹੀਂ ਹਨ।
ਸਵਾਲ- ਅੱਜ ਦਾ ਨੌਜਵਾਨ ਪੜ੍ਹਿਆ ਨਹੀਂ ਪਰ ਸਰਕਾਰੀ ਨੌਕਰੀ ਮੰਗਦਾ ਹੈ, ਪਹਿਲਾਂ ਤੇ ਹੁਣ ਵਾਲੇ ਮਾਹੌਲ ਵਿਚ ਕੀ ਫਰਕ ਹੈ?
ਜਵਾਬ- ਪਹਿਲਾਂ ਵਾਲੇ ਲੀਡਰਾਂ ਦਾ ਕਿਰਦਾਰ ਵਧੀਆਂ ਸੀ, ਅੱਖ ਦੀ ਕੂਰ ਬਹੁਤ ਸੀ, ਡਰ ਲੱਗਦਾ ਸੀ ਕਿ ਕੋਈ ਗਲਤੀ ਨਾ ਹੋ ਜਾਵੇ। ਅੱਜ ਜੋ ਵਿਦਿਆ ਦਾ ਮਿਆਰ ਡਿੱਗਿਆ ਹੈ, ਇਸ ਨਾਲ ਬਹੁਤ ਨੁਕਸਾਨ ਹੋਇਆ ਹੈ ਪਰ ਜੇ ਬੱਚਾ ਪੜਿਆ ਲਿਖਿਆ ਹੋਵੇ ਤੇ ਫਿਰ ਵੀ ਬੇਰੁਜ਼ਗਾਰ ਹੋਵੇ ਤਾਂ ਸੂਬਾ ਸਰਕਾਰ ਦੀ ਅਣਗਿਹਲੀ ਹੈ।
ਸਵਾਲ- ਕਮਜ਼ੋਰੀ ਕਿਤੇ ਨਾ ਕਿਤੇ ਸਾਡੇ ਵਿਚ ਵੀ ਹੈ, ਅਸੀਂ ਸਾਰੇ ਕੰਮਾਂ ਲਈ ਸਿਆਸਤਦਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ?
ਜਵਾਬ- ਅਸੀਂ ਸਿਆਸਤਦਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿਉਂਕਿ ਉਨ੍ਹਾਂ 'ਤੇ ਸਾਨੂੰ ਭਰੋਸਾ ਹੁੰਦਾ ਹੈ। ਅਸੀਂ ਉਨ੍ਹਾਂ ਨੂੰ ਚੁਣਿਆ ਹੁੰਦਾ ਹੈ।
ਸਵਾਲ- ਕੀ ਅੱਜ ਦੀ ਸਾਡੀ ਪੀੜ੍ਹੀ ਸਿੱਖੀ ਨਾਲ ਟੁੱਟੀ ਹੋਈ ਹੈ, ਜਿਹੜਾ ਕਿਰਦਾਰਾਂ ਵਿਚ ਕਮੀ ਆ ਰਹੀ ਹੈ?
ਜਵਾਬ- ਸਿੱਖੀ ਨਾਲ ਟੁੱਟਣ ਦਾ ਵੱਡਾ ਕਾਰਨ ਇਹ ਹੈ ਜਦੋਂ ਨੌਜਵਾਨ ਡਾਇਰੀਆਂ ਫੜ ਕੇ ਪੰਜਾਬ, ਕੌਮ ਦੇ ਭਵਿੱਖ ਬਾਰੇ ਨੋਟ ਕਰਦੇ ਸਨ ਤਾਂ ਉਨ੍ਹਾਂ ਨੂੰ ਸੇਧ ਦੇਣ ਵਾਲੇ ਲੋਕ ਸਨ। ਅੱਜ ਪੰਜਾਬ ਨੂੰ ਮਿਲ ਕੇ ਚੱਲਣਾ ਪਵੇਗਾ।
ਸਵਾਲ- ਆਰਐਸਐਸ ਦੀ ਸੋਚ ਇੰਨੀ ਤਾਕਤ ਰੱਖਦੀ ਹੈ ਕਿ ਉਹ ਕਿਸੇ ਵੀ ਸਿਆਸਤਦਾਨ ਦੇ ਅੱਗੇ ਨਹੀਂ ਚੁੱਕਦੀ। ਉਹ ਪੀਐਮ ਮੋਦੀ ਦੇ ਵੀ ਅੱਗੇ ਨਹੀਂ ਝੁਕਦੇ। ਪਰ ਸਾਡੇ ਵਿਚ ਇਹ ਕਮਜ਼ੋਰੀ ਹੈ।
ਜਵਾਬ- ਬਿਲਕੁਲ, ਬਹੁਤ ਵੱਡੀ ਕਮਜ਼ੋਰੀ ਹੈ। ਅੱਜ ਜਥੇਦਾਰਾਂ ਵਿਚ ਇੰਨੀ ਤਾਕਤ ਨਹੀਂ ਹੈ ਕਿ ਉਹ ਆਪਣੇ ਦਮ 'ਤੇ ਫੈਸਲਾ ਲੈਣ ਸਕਣ। ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਜੇ ਧਾਰਮਿਕ ਬੰਦੇ ਨੂੰ ਇਹੀ ਚਿੰਤਾ ਲੱਗੀ ਰਹੇਗੀ ਕਿ ਪਤਾ ਨਹੀਂ ਕਿਹੜੇ ਸਿਆਸਤਦਾਨ ਨੇ ਮੈਨੂੰ ਲਾਂਭੇ ਕਰ ਦੇਣਾ ਤਾਂ ਫਿਰ ਤੁਸੀਂ ਆਪ ਹੀ ਸੋਚ ਲਵੋ ਕੀ ਹੋਵੇਗਾ।
ਸਵਾਲ- ਅੱਜ ਡੇਰਾਵਾਦ ਵੱਧ ਰਿਹਾ, ਧਰਮ ਪਰਿਵਰਤਨ ਹੋ ਰਿਹਾ, ਅਸੀਂ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਕਿਵੇਂ ਜੋੜਾਂਗੇ?
ਜਵਾਬ- ਅਸੀਂ ਗੁਰੂ ਨਾਨਕ ਦੇਵ ਜੀ ਦੇ ਜਾਪ ਜਪੋ, ਵੰਡ ਛਕੋ, ਕਿਰਤ ਕਰੋ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿਚ ਲੈ ਆਈਏ ਤਾਂ ਸਾਡੀ ਜ਼ਿੰਦਗੀ ਸੁਧਰ ਜਾਵੇਗੀ।
ਸਵਾਲ- ਬੱਚਿਆਂ ਨੂੰ ਇਸ 'ਤੇ ਕਿਵੇਂ ਲੈ ਕੇ ਆਈਏ?
ਜਵਾਬ- ਸਿੱਖ ਕੌਮ ਦੀ ਸਿਆਣੀ ਲੀਡਰਸ਼ਿਪ ਇਨ੍ਹਾਂ ਦੀ ਅਗਵਾਈ ਕਰੇ ਤਾਂ ਬੱਚੇ ਸਿੱਖੀ ਨਾਲ ਜੁੜ ਸਕਦੇ ਹਨ।