
ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੂਜੇ, ਤੀਜੇ ਨੰਬਰ 'ਤੇ ; ਬਿਹਾਰ ਅਪਰਾਧ ਪੱਖੋਂ ਛੇਵੇਂ ਸਥਾਨ 'ਤੇ
ਨਵੀਂ ਦਿੱਲੀ : ਦੇਸ਼ ਵਿਚ ਅਪਰਾਧ ਦੇ ਮਾਮਲੇ ਵਿਚ ਯੂਪੀ ਪਹਿਲੇ ਸਥਾਨ 'ਤੇ ਹੈ ਜਿਥੇ ਇਕ ਸਾਲ ਵਿਚ ਤਿੰਨ ਲੱਖ ਤੋਂ ਵੱਧ ਪਰਚੇ ਦਰਜ ਹੋਏ ਹਨ। 2017 ਲਈ ਕੌਮੀ ਅਪਰਾਧ ਰੀਕਾਰਡ ਬਿਊਰੋ (ਐਨਸੀਆਰਬੀ) ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਯੂਪੀ ਮਗਰੋਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ। ਬਿਹਾਰ ਅਪਰਾਧ ਪੱਖੋਂ ਛੇਵੇਂ ਸਥਾਨ 'ਤੇ ਹੈ।
National Crime Records Bureau
ਦੇਸ਼ ਭਰ ਵਿਚ 2017 ਵਿਚ ਕੁਲ 30,62,579 ਮਾਮਲੇ ਦਰਜ ਕੀਤੇ ਗਏ ਸਨ। 2015 ਵਿਚ ਇਹ ਗਿਣਤੀ 29,49,400 ਅਤੇ 2016 ਵਿਚ 29,75,711 ਸੀ। 2017 ਦੇ ਅੰਕੜੇ ਇਕ ਸਾਲ ਤੋਂ ਵੀ ਵੱਧ ਸਮੇਂ ਦੀ ਦੇਰੀ ਮਗਰੋਂ ਕਲ ਰਾਤ ਜਾਰੀ ਕੀਤੇ ਗਏ। ਅੰਕੜਿਆਂ ਮੁਤਾਬਕ ਦੇਸ਼ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਯੂਪੀ ਵਿਚ ਉਸ ਸਾਲ 3,10,084 ਮਾਮਲੇ ਦਰਜ ਕੀਤੇ ਗਏ ਸਨ ਅਤੇ ਦੇਸ਼ ਭਰ ਵਿਚ ਦਰਜ ਕੁਲ ਮਾਮਲਿਆਂ ਦਾ ਲਗਭਗ 10 ਫ਼ੀ ਸਦੀ ਹੈ ਜੋ ਸੱਭ ਤੋਂ ਜ਼ਿਆਦਾ ਹੈ। ਯੂਪੀ ਵਿਚ ਲਗਾਤਾਰ ਤੀਜੇ ਸਾਲ ਅਪਰਾਧਾਂ ਦਾ ਗ੍ਰਾਫ਼ ਉਪਰ ਵਲ ਜਾਂਦਾ ਦਿਸ ਰਿਹਾ ਹੈ।
UP Tops List Of Crime Against Women
ਰਾਜ ਵਿਚ 2015 ਵਿਚ 2,41,920 ਅਤੇ 2016 ਵਿਚ 2,85,171 ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ 2017 ਵਿਚ ਅਪਰਾਧ ਦੇ 2,69,512 ਪਰਚੇ ਦਰਜ ਕੀਤੇ ਗਏ ਸਨ। ਯੂਪੀ ਤੇ ਦਿੱਲੀ ਜਿਹੇ ਰਾਜਾਂ ਵਿਚ ਵਾਹਨ ਚੋਰੀ ਅਤੇ ਹੋਰ ਚੋਰੀਆਂ ਜਿਹੇ ਅਪਰਾਧ ਦੀਆਂ ਕੁੱਝ ਸ਼੍ਰੇਣੀਆਂ ਤਹਿਤ ਆਨਲਾਈਨ ਪਰਚੇ ਦਰਜ ਕਰਨ ਦੀ ਸੇਵਾ ਮੁਹਈਆ ਕਰਾਈ ਗਈ ਹੈ। ਚੌਥੀ ਥਾਂ ਕੇਰਲਾ ਅਤੇ ਪੰਜਵੀਂ ਥਾਂ ਦਿੱਲੀ ਆਉਂਦਾ ਹੈ। ਦਿੱਲੀ ਵਿਚ ਅਪਰਾਧ ਦੇ ਮਾਮਲਿਆਂ ਵਿਚ 2,32,066 ਮਾਮਲੇ ਦਰਜ ਕੀਤੇ ਗਏ ਸਨ। ਸਰਕਾਰੀ ਮਹਿਕਮੇ ਐਨਸੀਆਰਬੀ ਦਾ ਕੰਮ ਅਪਰਾਧ ਦੇ ਅੰਕੜੇ ਇਕੱਠੇ ਕਰਨਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੈ।