
ਪੰਜਾਬ ਵਿਧਾਨ ਸਭਾ ਵਿਚ ਮੁੜ ਗਰਜੇ ਮੁੱਖ ਮੰਤਰੀ
ਕੇਂਦਰ ਨੂੰ ਗ਼ਲਤ ਲਗਦਾ ਹੈ ਤਾਂ ਮੇਰੀ ਸਰਕਾਰ ਬਰਖ਼ਾਸਤ ਕਰ ਦੇਣ : ਕੈਪਟਨ ਅਮਰਿੰਦਰ ਸਿੰਘ
ਕਿਹਾ, ਚਾਹੁਣ ਤਾਂ ਅਸਤੀਫ਼ਾ ਲੈ ਲੈਣ ਪਰ ਮੈਂ ਡਰਨ ਵਾਲਾ ਨਹੀਂ
ਚੰਡੀਗੜ੍ਹ, 21 ਅਕਤੂਬਰ (ਗੁਰਉਪਦੇਸ਼ ਭੁੱਲਰ) : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਕੇਂਦਰੀ ਖੇਤੀ ਬਿਲਾਂ ਵਿਰੁਧ ਮਤਾ ਪਾਸ ਕਰਵਾ ਕੇ ਮੋਦੀ ਸਰਕਾਰ ਨੂੰ ਸਿੱਧੀ ਚੁਨੌਤੀ ਦੇਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੁੜ ਕੇਂਦਰ ਸਰਕਾਰ ਵਿਰੁਧ ਗਰਜੇ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸਮਾਪਤ ਹੋਣ ਤੋਂ ਬਾਅਦ ਅੱਜ ਪੰਜਾਬ ਭਵਨ ਵਿਚ ਕਾਂਗਰਸ ਵਿਧਾਇਕਾਂ ਨਾਲ ਲੰਚ ਕਰਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਜੇ ਕੇਂਦਰ ਨੂੰ ਲਗਦਾ ਹੈ ਕਿ ਮੈਂ ਗ਼ਲਤ ਕੀਤਾ ਹੈ ਤਾਂ ਉਹ ਮੇਰੀ ਸਰਕਾਰ ਨੂੰ ਬਰਖ਼ਾਸਤ ਕਰ ਦੇਣ ਅਤੇ ਭਾਵੇਂ ਮੈਥੋਂ ਅਸਤੀਫ਼ਾ ਲੈ ਲੈਣ ਪਰ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ।''
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਪਾਸ ਮਤੇ ਤੋਂ ਬਆਦ ਪੰਜਾਬ ਦੇ ਲੋਕਾਂ ਦੀ ਆਵਾਜ਼ ਕੇਂਦਰ ਸਰਕਾਰ ਕੋਲ ਪਹੁੰਚ ਚੁੱਕੀ ਹੈ ਅਤੇ ਜੇਕਰ ਰਾਜਪਾਲ ਜਾਂ ਰਾਸ਼ਟਰਪਤੀ ਨੇ ਬਿਲਾਂ ਨੂੰ ਮੰਜ਼ੂਰੀ ਨਾ ਦਿਤੀ ਤਾਂ ਸਾਡੇ ਕੋਲ ਕਾਨੂੰਨੀ ਵਿਕਲਪ ਵੀ ਹੈ ਪਰ ਕਿਸਾਨਾਂ ਨਾਲ ਡੱਟ ਕੇ ਖੜੇ ਰਹਾਂਗੇ ਭਾਵੇਂ ਕੋਈ ਵੀ ਕੀਮਤ ਚੁਕਾਉਣੀ ਪਵੇ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਸਦਨ ਵਿਚ ਬਿਲਾਂ ਤੇ ਮਤੇ ਨੂੰ ਸਮਰਥਨ ਦੇਣ ਅਤੇ ਬਾਹਰ ਆ ਕੇ ਆਲੋਚਨਾ ਸ਼ੁਰੂ ਕੀਤੇ ਜਾਣ ਬਾਰੇ ਕਿਹਾ ਕਿ ਇਸ ਨਾਲ ਇਨ੍ਹਾਂ ਦਲਾਂ ਦਾ ਦੋਗਲਾ ਚੇਹਰਾ ਬੇਨਕਾਬ ਹੋ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਅਤੇ ਸਿਰਫ਼ ਸਿਆਸੀ ਹਿਤਾਂ ਲਈ ਕਿਸਾਨਾਂ ਦੀ ਹਮਾਇਤ ਦੀ ਡਰਾਮੇਬਾਜ਼ੀ ਕਰਦੇ ਹਨ। ਉਨ੍ਹਾਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਂਦਿਆਂ ਕਿਹਾ ਕਿ ਜੇ ਉਹ ਹੁਣ ਕਹਿ ਰਹੇ ਹਨ ਕਿ ਅਸੀ ਲੋਕਾਂ ਨੂੰ ਮੂਰਖ ਬਣਾ ਰਹੇ ਹਾਂ ਤਾਂ ਉਹ ਸਦਨ ਵਿਚ ਇਸ ਬਾਰੇ ਕਿਉਂ ਨਹੀਂ ਬੋਲੇ? 'ਆਪ' 'ਤੇ ਵੀ ਪਲਟਵਾਰ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਵਿਚ ਸਰਕਾਰ ਹੈ ਤੇ ਉਥੇ ਕੇਜਰੀਵਾਲ ਵੀ ਅਜਿਹਾ ਸੈਸ਼ਨ ਬੁਲਾ ਕੇ ਕੇਂਦਰੀ ਖੇਤੀ ਬਿਲਾਂ ਨੂੰ ਰੱਦ ਕਰਨ। 'ਆਪ' ਦੀ ਸਰਕਾਰ ਨੂੰ ਪੰਜਾਬ ਦੇ ਰਸਤੇ 'ਤੇ ਚਲਣਾ ਚਾਹੀਦਾ ਹੈ ਤੇ ਦੋਗਲੀ ਸਿਆਸਤ ਕਿਸਾਨਾਂ ਦੇ ਹਿਤ ਵਿਚ ਨਹੀਂ।
image
ਰਾਜਪਾਲ ਜਾਂ ਰਾਸ਼ਟਰਪਤੀ ਨੇ ਬਿਲ ਰੋਕੇ ਤਾਂ ਸਾਡੇ ਕੋਲ ਕਾਨੂੰਨੀ ਰਾਹ ਵੀ ਖੁਲ੍ਹਾ
ਕੇਜਰੀਵਾਲ ਨੂੰ ਵੀ ਪੰਜਾਬ ਵਾਂਗ ਕੇਂਦਰੀ ਬਿਲ ਰੱਦ ਕਰਨ ਦੀ ਦਿਤੀ ਨਸੀਹਤ
ਅਕਾਲੀ ਦਲ ਤੇ 'ਆਪ' ਦੀ ਦੋਗਲੀ ਨੀਤੀ ਦੀ ਕੀਤੀ ਨਿੰਦਾ