
ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਸੁਰੱਖਿਅਤ
ਗਵਾਲੀਅਰ, 21 ਅਕਤੂਬਰ : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਅੱਜ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦਾ ਜ਼ਿਆਦਾਤਰ ਹਿੱਸਾ ਜ਼ਮੀਨ ਅੰਦਰ ਧਸ ਗਿਆ ਤੇ ਕੁੱਝ ਮਲਬਾ ਖੇਤਾਂ ਵਿਚ ਖਿਲਰ ਗਿਆ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਜਹਾਜ਼ ਉਡਾ ਰਿਹਾ ਪਾਇਲਟ ਸੁਰੱਖਿਅਤ ਬਚ ਨਿਕਲਣ ’ਚ ਸਫ਼ਲ ਰਿਹਾ। ਪੁਲਿਸ ਨੇ ਸ਼ੁਰੂਆਤੀ ਸੂਚਨਾਵਾਂ ਦੇ ਹਵਾਲੇ ਤੋਂ ਦਸਿਆ ਕਿ ਹਵਾਈ ਫ਼ੌਜ ਦਾ ਇਹ ਜਹਾਜ਼ ਭਿੰਡ ਦੇ ਦੇਹਾਤ ਥਾਣਾ ਖੇਤਰ ਦੇ ਇਕ ਖੇਤ ’ਚ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗ ਗਿਆ।
ਇਹ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮਿਰਾਜ 2000 ਦਸਿਆ ਗਿਆ ਹੈ। ਇਸ ਦਾ ਮਲਬਾ ਆਲੇ-ਦੁਆਲੇ ਦੇ ਖੇਤਰ ਵਿਚ ਫੈਲ ਗਿਆ। ਪੁਲਿਸ ਨੇ ਦਸਿਆ ਕਿ ਜਹਾਜ਼ ਨੂੰ ਉਡਾ ਰਹੇ ਪਾਇਲਟ ਦੀ ਪਹਿਚਾਣ ਲੈਫ਼ਟੀਨੈਂਟ ਅਭਿਲਾਸ਼ ਦੇ ਰੂਪ ਵਿਚ ਹੋਈ ਹੈ ਜੋ ਖੇਤ ਵਿਚ ਮਿਲੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਤੇ ਪੁਲਿਸ ਦੀ ਮਦਦ ਨਾਲ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ। ਭਿੰਡ ਦੇ ਐਸ.ਪੀ. ਮਨੋਜ ਕੁਮਾਰ ਸਿੰਘ ਨੇ ਦਸਿਆ ਕਿ ਜਹਾਜ਼ ਨੇ ਗਵਾਲੀਅਰ ਸਥਿਤ ਮਹਾਰਾਜਪੁਰਾ ਏਅਰਬੇਸ ਤੋਂ ਉਡਾਣ ਭਰੀ ਸੀ ਪਰ ਕੱੁਝ ਦੇਰ ਬਾਅਦ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਪਾਇਲਟ ਨੂੰ ਬਚਾ ਲਿਆ ਗਿਆ ਹੈ।
ਉਧਰ ਭਾਰਤੀ ਹਵਾਈ ਫ਼ੌਜ ਨੇ ਇਕ ਟਵੀਟ ਵਿਚ ਕਿਹਾ ਕਿ ਫ਼ੌਜ ਦੇ ਮਿਰਾਜ 2000 ਜਹਾਜ਼ ਨੇ ਅੱਜ ਸਵੇਰੇ ਉਡਾਣ ਭਰੀ ਸੀ। ਪਾਇਲਟ ਨੂੰ ਉਡਾਣ ਦੌਰਾਨ ਤਕਨੀਕੀ ਖ਼ਰਾਬੀ ਲੱਗੀ ਅਤੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ’ਚ ਸਫ਼ਲ ਰਿਹਾ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿਤੇ ਗਏ ਹਨ। (ਏਜੰਸੀ)