
ਸੌਦਾ ਸਾਧ ਵਲੋਂ ਇਕ ਵਾਰ ਫਿਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਿਆਰੀ
ਆਨਲਾਈਨ ਸਤਿਸੰਗ 'ਚ ਕਿਹਾ, ਸੁਨਾਮ 'ਚ ਬਣੇਗਾ ਸਿਰਸੇ ਵਰਗਾ ਡੇਰਾ
ਚੰਡੀਗੜ੍ਹ, 21 ਅਕਤੂਬਰ (ਸ.ਸ.ਸ.) : ਜਦੋਂ ਦੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਕਈ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਕੇ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿਚ ਹਨ ਤੇ ਕਈ ਤਾਕਤਾਂ ਸਾਹਮਣੇ ਵੀ ਆ ਚੁਕੀਆਂ ਹਨ | ਇਨ੍ਹਾਂ ਵਿਚ ਇਕ ਨਾਮ ਸਿਰਸੇ ਵਾਲੇ ਸੌਦਾ ਸਾਧ ਦਾ ਵੀ ਸ਼ਾਮਲ ਹੈ | ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਲਈ ਉਸ ਨੇ ਨਵਾਂ ਐਲਾਨ ਕੀਤਾ ਹੈ ਜੋ ਕਿ ਮੁੱਠੀ ਭਰ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬੀਆਂ ਨੂੰ ਚੰਗਾ ਨਹੀਂ ਲੱਗੇਗਾ | ਵੀਰਵਾਰ ਨੂੰ ਆਨਲਾਈਨ ਸਤਿਸੰਗ 'ਚ ਸਾਧ ਨੇ ਪੰਜਾਬ 'ਚ ਇਕ ਹੋਰ ਡੇਰਾ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ | ਬਠਿੰਡਾ ਦੇ ਸਲਾਬਤਪੁਰਾ ਤੋਂ ਬਾਅਦ ਪੰਜਾਬ 'ਚ ਇਹ ਦੂਸਰਾ ਡੇਰਾ ਹੋਵੇਗਾ | ਇਹ ਡੇਰਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ 'ਚ ਖੋਲਿ੍ਹਆ ਜਾਵੇਗਾ | ਦਰਅਸਲ ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਸੁਨਾਮ ਦੀ ਸੰਗਤ ਨਾਲ ਰੂਬਰੂ ਹੋਇਆ ਤਾਂ ਡੇਰਾ ਪ੍ਰੇਮੀਆਂ ਨੇ ਉਥੇ ਸਥਿਤ ਨਾਮ ਚਰਚਾ ਘਰ ਨੂੰ ਡੇਰੇ 'ਚ ਤਬਦੀਲ ਕਰਨ ਦੀ ਮੰਗ ਰੱਖੀ | ਇਹ ਸੁਣ ਕੇ ਸਾਧ ਨੇ ਤੁਰਤ ਉਨ੍ਹਾਂ ਦੀ ਗੱਲ ਮੰਨ ਲਈ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ |
ਹਾਲਾਂਕਿ ਡੇਰਾ ਮੁਖੀ ਨੇ ਪੁਛਿਆ ਕਿ ਉਨ੍ਹਾਂ ਕੋਲ ਡੇਰੇ ਲਈ ਲੋੜੀਂਦੀ ਜਗ੍ਹਾ ਹੈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਖ਼ਰੀਦ ਲੈਣਗੇ | ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਤੋਂ ਬਾਅਦ ਬਠਿੰਡਾ ਦੇ ਸਲਾਬਤਪੁਰਾ 'ਚ ਦੂਜਾ ਸੱਭ ਤੋਂ ਵੱਡਾ ਡੇਰਾ ਹੈ | ਦੂਜੇ ਪਾਸੇ ਸਿੱਖਾਂ 'ਚ ਪਹਿਲਾਂ ਹੀ ਸੌਦਾ ਸਾਧ ਪ੍ਰਤੀ ਰੋਸ ਹੈ | ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ, ਬਰਗਾੜੀ ਕਾਂਡ, ਮੌੜ ਮੰਡੀ ਬਲਾਸਟ 'ਚ ਕਈ ਡੇਰਾ ਪ੍ਰੇਮੀ ਨਾਮਜ਼ਦ ਹਨ | ਬਰਗਾੜੀ ਕਾਂਡ ਮਾਮਲੇ 'ਚ ਸਾਧ ਤੋਂ ਐਸ.ਅਈ.ਟੀ ਪੁਛਗਿੱਛ ਕਰ ਚੁਕੀ ਹੈ | ਚੇਤੇ ਰਹੇ ਕਿ ਸਾਲ 2007 'ਚ ਡੇਰਾ ਮੁਖੀ ਨੇ ਡੇਰਾ ਸਲਾਬਤਪੁਰਾ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਭੇਸ ਧਾਰਨ ਕੀਤਾ ਸੀ, ਜਿਸ 'ਤੇ ਵਿਵਾਦ ਹੋ ਗਿਆ ਸੀ | ਉਦੋਂ ਤੋਂ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ ਤੇ ਉਸ ਸਾਲ ਪੰਜਾਬ ਉਸ ਵਲੋਂ ਕੀਤੀ ਉਸ ਬੰਜ਼ਰ ਗ਼ਲਤੀ ਦਾ ਕਾਫ਼ੀ ਸੰਤਾਪ ਭੋਗਿਆ ਸੀ | ਉਸ ਵੇਲੇ ਪਿੰਡਾਂ ਵਿਚ ਵੀ ਵੈਰ ਪੈ ਗਏ ਸਨ | ਉਧਰ ਸਾਧ ਦੇ ਆਨਲਾਈਨ ਸਤਿਸੰਗ 'ਚ ਕਈ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਦੀ ਚਰਚਾ ਚਫ਼ੇਰੇ ਹੈ |
ਦਸਣਯੋਗ ਹੈ ਕਿ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਡੇਰਾ ਮੁਖੀ 40 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਹੈ | ਇਸ ਤੋਂ ਬਾਅਦ ਉਹ ਸਨਿਚਰਵਾਰ ਸਵੇਰੇ ਬਾਗ਼ਪਤ ਦੇ ਬਰਨਾਵਾ ਸਥਿਤ ਆਸ਼ਰਮ ਪਹੁੰਚ ਗਿਆ | ਇਥੇ ਇਹ ਵਿਚਾਰ ਕਰਨੀ ਬਣਦੀ ਹੈ ਕਿ ਆਖ਼ਰ ਪੰਜਾਬ ਦੀ ਸ਼ਾਂਤੀ ਨੂੰ ਵਾਰ-ਵਾਰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕਿਉਂ ਹੋ ਰਹੀਆਂ ਹਨ ਤੇ ਕੀ ਹਰਿਆਣਾ ਦੀ ਭਾਜਪਾ ਸਰਕਾਰ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦੇ ਕੇ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਦੀ ਤਾਕ ਵਿਚ ਹੈ | ਸਰਕਾਰਾਂ ਨੂੰ ਇਹ ਭਲੀਭਾਂਤ ਜਾਣੂ ਹਨ ਕਿ ਜੇਕਰ ਸੌਦਾ ਸਾਧ ਦੇ ਪਿਛੇ ਲੱਗਣ ਵਾਲੇ ਲੋਕਾਂ ਨੇ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਪੂਰੇ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ |