
Mandi Gobindgarh News: ਪੁਲਿਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Nephew kills uncle with a knife Mandi Gobindgarh News: ਮੰਡੀ ਗੋਬਿੰਦਗੜ੍ਹ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਨੇੜਲੇ ਪਿੰਡ ਕੋਟਲਾ ਡਡਹੇੜੀ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਚਾਚੇ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਬੀਤੀ 19 ਅਕਤੂਬਰ ਨੂੰ ਉਹ ਅਤੇ ਉਸ ਦਾ ਪਤੀ ਜਸਪਾਲ ਸਿੰਘ ਘਰ ਵਿੱਚ ਸਨ ਜਦਕਿ ਉਸ ਦੇ ਦੋਵੇਂ ਲੜਕੇ ਬਾਹਰ ਕਿਸੇ ਕੰਮ ਦੇ ਸਬੰਧ ਵਿੱਚ ਗਏ ਹੋਏ ਸੀ, ਇਸੇ ਦੌਰਾਨ ਉਸ ਦੇ ਜੇਠ ਅਮਰਜੀਤ ਸਿੰਘ ਦਾ ਲੜਕਾ ਯਾਦਵਿੰਦਰ ਸਿੰਘ ਉਨਾਂ ਦੇ ਘਰ ਦੀ ਛੱਤ ਉੱਪਰ ਘੁੰਮ ਰਿਹਾ ਸੀ ਅਤੇ ਉਹ ਘਰ ਦੀਆਂ ਪੌੜੀਆਂ ਰਾਹੀਂ ਹੇਠਾਂ ਉੱਤਰ ਕੇ ਘਰ ਦੇ ਵਿਹੜੇ ਵਿੱਚ ਆ ਗਿਆ ਜਿਸ ਦੇ ਹੱਥ ਵਿੱਚ ਕਹੀ ਫੜੀ ਹੋਈ ਸੀ।
ਉਸ ਨੇ ਅਚਾਨਕ ਮੇਰੇ ਪਤੀ ਜਸਪਾਲ ਸਿੰਘ ਦੇ ਸਿਰ ਉੱਤੇ ਵਾਰ ਕਰ ਦਿੱਤਾ ਅਤੇ ਜਸਪਾਲ ਸਿੰਘ ਧਰਤੀ 'ਤੇ ਡਿੱਗ ਗਿਆ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਣ ਕੇ ਉਸ ਦਾ ਜੇਠ ਅਮਰਜੀਤ ਸਿੰਘ ਵੀ ਆ ਗਿਆ। ਬਚਾਉਂਦੇ ਹੋਏ ਜੇਠ ਵੀ ਜ਼ਖ਼ਮੀ ਹੋ ਗਿਆ। ਅਮਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ, ਜਦੋਂ ਕਿ ਜਸਪਾਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ।
ਪੁਲਿਸ ਵਲੋਂ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਸਤਿੰਦਰ ਕੌਰ ਦੇ ਬਿਆਨਾਂ 'ਤੇ ਯਾਦਵਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।