
ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ - ਸੁੱਖਾ ਲੰਮਾ
ਬਠਿੰਡਾ - ਭਗਤਾ ਭਾਈਕਾ ਵਿਚ ਸ਼ੁੱਕਰਵਾਰ ਨੂੰ ਹੋਏ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਇਕ ਹੋਰ ਪੋਸਟ ਪਾਈ ਹੈ ਤੇ ਇਸ ਕਤਲ ਬਾਰੇ ਇਕ ਹੋਰ ਖੁਲਾਸਾ ਕੀਤਾ ਹੈ। ਇਸ ਵਿਚ ਸੁੱਖੇ ਨੇ ਮਨੋਹਰ ਲਾਲ ਦੀ ਲਾਸ਼ ਰੱਖ ਕੇ ਧਰਨਾ ਲਗਾਉਣ ਵਾਲਿਆਂ ਨੂੰ ਆਖਿਆ ਹੈ ਕਿ ਉਨ੍ਹਾਂ ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ।
ਇਸ ਦੇ ਨਾਲ ਹੀ ਸੁੱਖਾ ਗਿੱਲ ਨੇ ਸਾਫ਼ ਕੀਤਾ ਹੈ ਕਿ ਉਸ ਦਾ ਨਾ ਤਾਂ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਹੈ ਅਤੇ ਨਾ ਹੀ ਕਿਸੇ ਜਾਤ ਧਰਮ ਨਾਲ ਉਹਨਾਂ ਦਾ ਵੈਰ ਹੈ, ਉਸ ਦਾ ਵੈਰੀ ਉਹ ਹੈ ਜੋ ਸਿੱਖ ਕੌਮ ਦੇ ਖ਼ਿਲਾਫ਼ ਹੈ ਜਾਂ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਈ ਸੀ। ਇਸ ਲਈ ਉਹਨਾਂ ਨੇ ਬਰਗਾੜੀ ਅਤੇ ਭਗਤਾ ਭਾਈ 'ਚ ਹੋਈ ਬੇਅਦਬੀ ਦਾ ਹਵਾਲਾ ਦਿੱਤਾ ਸੀ।
File Photo
ਇਸ ਵਿਚ ਉਹਨਾਂ ਨੇ ਸਾਫ਼ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਉਹ ਇਸੇ ਤਰ੍ਹਾਂ ਨਜਿੱਠਣਗੇ। ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਮਨੋਹਰ ਲਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਦੁਕਾਨ ਵਿਚ ਬੈਠੇ ਸਨ। ਇਸ ਦੌਰਾਨ ਦੁਕਾਨ ਵਿਚ ਲੱਗੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਹਮਲਾਵਰ ਦੁਕਾਨ 'ਚ ਆਏ ਅਤੇ ਇਕ ਨੌਜਵਾਨ ਦੋਵੇਂ ਹੱਥਾਂ ਵਿਚ ਬੰਦੂਕ ਲੈ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।