
ਯੂਰੀਆ ਦਿੱਕਤ ਦੇ ਹੱਲ ਲਈ ਸੰਧਵਾਂ ਵਲੋਂ ਮੁੱਖ ਮੰਤਰੀ ਨੂੰ ਪੱਤਰ
ਚੰਡੀਗਡ੍ਹ, 21 ਨਵੰਬਰ (ਸੁਰਜੀਤ ਸਿੰਘ ਸੱਤੀ) : ਸੂਬੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਦੂਰ ਕਰਨ ਲਈ 'ਆਪ' ਵਿਧਾਇਕ ਕੁਲਤਾਰ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸੂਬੇ ਦੇ ਕਿਸਾਨਾਂ ਯੂਰੀਆ ਖਾਦ ਦੀ ਕਮੀ ਕਾਰਨ ਅਪਣੀਆਂ ਫ਼ਸਲਾਂ ਦੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਕਰ ਕੇ ਸੰਘਰਸ਼ ਦੇ ਰਾਹ 'ਤੇ ਹਨ ਅਤੇ ਉਥੇ ਹੀ ਕੇਂਦਰ ਵਲੋਂ ਬੰਦ ਕੀਤੀਆਂ ਗਈਆਂ ਮਾਲ ਗੱਡੀਆਂ ਕਾਰਨ ਕਿਸਾਨਾਂ ਨੂੰ ਫ਼ਸਲ ਬਿਜਾਈ ਲਈ ਲੋੜੀਂਦੀ ਯੂਰੀਆ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਵੱਖ-ਵੱਖ ਥਾਵਾਂ ਉਤੇ ਜਾ ਕੇ ਵੇਖਿਆ ਹੈ ਕਿ ਸੂਬੇ ਦੇ ਕਿਸਾਨ ਯੂਰੀਆ ਪ੍ਰਾਪਤ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਕਿਸਾਨਾਂ ਨੂੰ ਖਾਦ ਪ੍ਰਾਪਤ ਕਰਨ ਲਈ ਲਗਭਗ ਚਾਰ ਦਿਨਾਂ ਤਕ ਇੰਤਜਾਰ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਿਨਾਂ ਖਾਦ ਪ੍ਰਾਪਤ ਕੀਤੇ ਹੀ ਖੱਜਲ਼ਖੁਆਰ ਹੋ ਕੇ ਵਾਪਸ ਅਪਣੇ ਘਰਾਂ ਨੂੰ ਚਲੇ ਜਾਂਦੇ ਹਨ। ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਕਰੀਬ 8 ਤੋਂ 9 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ ਪ੍ਰੰਤੂ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਯੂਰੀਆ ਦੀ ਸਪਲਾਈ ਰੁਕ ਚੁੱਕੀ ਹੈ। ਹੁਣ ਤਕ ਪੰਜਾਬ ਵਿਚ ਯੂਰੀਆ ਦੀ ਕਰੀਬ 35 ਪ੍ਰਤੀਸ਼ਤ ਸਪਲਾਈ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਰੀਆ ਨਾ ਮਿਲਣ ਕਾਰਨ ਫ਼ਸਲ ਦੀ ਬਿਜਾਈ ਸਹੀ ਸਮੇਂ ਨਹੀਂ ਹੁੰਦੀ ਤਾਂ ਫ਼ਸਲ ਦੇ ਝਾੜ ਉਤੇ ਵੀ ਅਸਰ ਪਵੇਗਾ। ਇਕ ਅੰਦਾਜ਼ੇ ਮੁਤਾਬਕ ਯੂਰੀਆ ਦੀ ਕਮੀ ਕਾਰਨ ਕਣਕ ਦਾ 20% ਪ੍ਰਤੀਸ਼ਤ ਤਕ ਝਾੜ ਘਟ ਸਕਦਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਆਰਥਕ ਸੰਕਟ ਵਿਚੋਂ ਲੰਘਦੇ ਕਿਸਾਨ ਉਤੇ ਹੋਰ ਆਰਥਕ ਮੰਦੀ ਦੀ ਮਾਰ ਪਵੇਗੀ।
ਪੰਜਾਬ ਦੇ ਲੋਕਾਂ ਨੂੰ ਬਤੌਰ imageਮੁੱਖ ਮੰਤਰੀ ਹੁੰਦੇ ਹੋਏ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਕਿ ਕਿਸੇ ਤਰ੍ਹਾਂ ਦੀ ਆਈ ਸਮੱਸਿਆ ਸਮੇਂ ਤੁਸੀਂ ਉਨ੍ਹਾਂ ਦੀ ਬਾਂਹ ਫੜੋਗੇ।