
ਮਨੀਲਾ ਤੋਂ ਫ਼ੇਸਬੁੱਕ 'ਤੇ ਪਾਈ ਹੈ ਡੇਰਾ ਪ੍ਰੇਮੀ ਨੂੰ ਮਾਰਨ ਦੀ ਜ਼ਿੰਮੇਵਾਰੀ ਵਾਲੀ ਪੋਸਟ
ਹਾਲੇ ਤਕ ਪੁਲਿਸ ਹੱਥ ਨਹੀਂ ਲੱਗੇ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਜਰਮ
ਬਠਿੰਡਾ, 21 ਨਵੰਬਰ (ਸੁਖਜਿੰਦਰ ਮਾਨ) : ਬੀਤੇ ਕਲ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦੀ ਮੌਤ ਵਾਲੀ ਜ਼ਿੰਮੇਵਾਰੀ ਦੀ ਪੋਸਟ ਮਨੀਲਾ ਤੋਂ ਫ਼ੇਸਬੁੱਕ ਉਪਰ ਅਪਲੋਡ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਫ਼ੇਸਬੁੱਕ ਦੇ ਇਸ ਖ਼ਾਤੇ ਨੂੰ ਉਥੋਂ ਹੀ ਚਲਾਇਆ ਜਾ ਰਿਹਾ। ਇਸ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮੇਪੁਰ ਵਾਲਾ ਗੈਂਗ ਵਲੋਂ ਕੁੱਝ ਮਹੀਨੇ ਪਹਿਲਾਂ ਕਥਿਤ ਤੌਰ 'ਤੇ ਕਤਲ ਕੀਤੇ ਗਏ ਬਾਘਾਪੁਰਾਣਾ ਦੇ ਇਕ ਵਪਾਰੀ ਦਾ ਕਤਲ ਕਰਨ ਤੋਂ ਬਾਅਦ ਜ਼ਿੰਮੇਵਾਰੀ ਵਾਲੀ ਪਾਈ ਪੋਸਟ ਵੀ ਵਿਦੇਸ਼ ਤੋਂ ਅਪਲੋਡ ਕੀਤੀ ਗਈ ਸੀ।
ਸੂਤਰਾਂ ਮੁਤਾਬਕ ਵਿਦੇਸ਼ਾਂ 'ਚ ਰਹਿੰਦੇ ਗੈਗਸਟਰਾਂ ਨੂੰ ਕਾਬੂ ਕਰਨ ਲਈ ਆਈ.ਪੀ ਅਡਰੈਸ ਦੇ ਸਹਾਰੇ ਇੰਟਰਪੋਲ ਦੀ ਮੱਦਦ ਲਈ ਜਾ ਸਕਦੀ ਹੈ। ਦੂਜੇ ਪਾਸੇ 24 ਘੰਟੇ ਬੀਤਣ ਦੇ ਬਾਵਜੂਦ ਪੁਲਿਸ ਦੇ ਹੱਥ ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਨੋਂ ਨੌਜਵਾਨ ਹੱਥ ਨਹੀਂ ਆਏ ਹਨ। ਹਾਲਾਂਕਿ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪੁਲਿਸ ਵਲੋਂ ਕੁੱਝ ਨੌਜਵਾਨਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਉਪਰ ਨਿਗ੍ਹਾ ਰੱਖੀ ਜਾ ਰਹੀ ਹੈ। ਬੀਤੇ ਕਲ ਤਂੋ ਹੀ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਵਲੋਂ ਸੀਆਈਏ ਵਿੰਗਾਂ ਸਹਿਤ ਪੰਜ ਵੱਖ-ਵੱਖ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲੇ ਕੁੱਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪ੍ਰੰਤੂ ਜਾਂਚ ਕੀਤੀ ਜਾ ਰਹੀ ਹੈ।
ਦਸਣਾ ਬਣਦਾ ਹੈ ਕਿ ਮ੍ਰਿਤਕ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਪੁੱਤਰ ਜਤਿੰਦਰਬੀਰ ਅਰੋੜਾ ਉਰਫ਼ ਜਿੰਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗਰਮ ਖਿਆਲੀਆਂ ਵਲੋਂ ਵੀ ਬੇਦਅਬੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਸੋਧਣ ਲਈ ਇਨਾਮ ਵੀ ਰੱਖੇ ਹੋਏ ਸਨ, ਜਿਸ ਦੇ ਚਲਦੇ ਪੁਲਿਸ ਇਸ ਮਾਮਲੇ ਨੂੰ ਵੀ ਧਿਆਨ ਵਿਚ ਰੱਖ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਸਿੱਖ ਰੈਫ਼ਰੇਂਡਮ 2020 ਦੇ ਆਗੂਆਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਹਜ਼ਾਰਾਂ ਡਾਲਰ ਇਨਾਮ ਵਜੋ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚਲਦੇ ਪੁਲਿਸ ਇਸ ਕਾਂਡ ਨੂੰ ਇਕੱਲੇ ਗੈਂਗਸਟਰਾਂ ਦੇ ਹਵਾਲੇ ਵਾਲੇ ਪਾਸੇ ਤੋਂ ਹੀ ਮੰਨ ਕੇ ਜਾਂਚ ਨਹੀਂ ਕਰ ਰਹੀ, ਬਲਕਿ ਗਰਮਖਿਆਲੀਆਂ ਤੋਂ ਲੈ ਕੇ ਨਿੱਜੀ ਰੰਜਿਸ਼ ਤਕ ਹਰ ਪਹਿਲੂ ਦਾ ਧਿਆਨ ਰਖਿਆ ਜਾ ਰਿਹਾ।
ਸੂਤਰਾਂ ਮੁਤਾਬਕ ਪੰਜਾਬ 'ਚ ਚੱਲ ਕਿਸਾਨ ਸੰਘਰਸ਼ ਦੌਰਾਨ ਵਾਪਰੀ ਇਸ ਘਟਨਾ ਕਾਰਨ ਮੁੱਖ ਮੰਤਰੀ ਦਫ਼ਤਰ ਵੀ ਚਿੰਤਤ ਦਸਿਆ ਜਾ ਰਿਹਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਲ ਧਿਆਨ ਦੇਣ ਲਈ ਪੁਲਿਸ
ਬਠਿੰਡਾ : ਬੀਤੇ ਕਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਦੇ ਪਿਤਾ ਦੇ ਕਤਲ ਤੋਂ ਬਾਅਦ ਪੁਲਿਸ ਬੇਅਦਬੀ ਕਾਂਡ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਾਹਮਣੇ ਆਏ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਬਾਰੇ ਵੀ ਵੇਖਣ ਲੱਗੀ ਹੈ। ਹਾਲਾਂਕਿ ਸਰਕਾਰੀ ਤੌਰ 'ਤੇ ਇਸ ਸਬੰਧ ਕੁੱਝ ਨਹੀਂ ਕਿਹਾ ਜਾ ਰਿਹਾ ਪ੍ਰੰਤੂ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਘਟਨਾ ਨੇ ਪੁਲਿਸ ਨੂੰ ਚੌਕੰਨੀ ਕਰ ਦਿੱਤਾ ਹੈ। ਉਧਰ ਮ੍ਰਿਤਕ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਨੂੰ ਸੋਂਪ ਦਿੱਤਾ ਗਿਆ।
ਇਸ ਖ਼ਬਰ ਨਾਲ ਸਬੰਧਤ ਫੋਟੋ image21 ਬੀਟੀਆਈ 06 ਵਿਚ ਭੇਜੀ ਜਾ ਰਹੀ ਹੈ।
ਫ਼ੋਟੋ: ਇਕਬਾਲ ਸਿੰਘ