ਮਿਸ਼ਨ 2022 ਲਈ ਵਰਕਰਾਂ 'ਚ ਭਰਨਗੇ ਜੋਸ਼
ਲੁਧਿਆਣਾ (ਰਾਜਵਿੰਦਰ ਸਿੰਘ) - ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਆਪਣੇ ਚੋਣ ਪ੍ਰਚਾਰ ਦਾ ਬਿਗੁਲ ਲੁਧਿਆਣਾ ਤੋਂ ਵਜਾਇਆ ਜਾ ਰਿਹਾ ਹੈ। ਅੱਜ ਲੁਧਿਆਣਾ ਵਿਚ ਕਾਂਗਰਸ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀ ਲੀਡਰਸ਼ਿਪ ਮੌਜੂਦ ਰਹੇਗੀ। ਅੱਜ ਇੱਕੋ ਮੰਚ 'ਤੇ ਸੀਐੱਮ ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਨਜ਼ਰ ਆਉਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਮੰਚ ਤੇ ਇਕੱਠੇ ਵਿਖਾਈ ਦੇਣਗੇ ਅਤੇ ਚੋਣਾਂ ਲਈ ਪ੍ਰਚਾਰ ਕਰਨਗੇ ਉਥੇ ਹੀ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੀ ਮੋਗਾ ਤੋਂ ਬਾਅਦ ਲੁਧਿਆਣਾ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਕਮਲਜੀਤ ਕੜਵਲ ਹਲਕਾ ਇੰਚਾਰਜ ਆਤਮ ਨਗਰ ਨੇ ਕਿਹਾ ਕਿ ਉਹ ਗਾਰੰਟੀਆਂ ਦਾ ਐਲਾਨ ਕਰਨ ਤੋਂ ਪਹਿਲਾਂ ਆਪਣੇ ਸੀਐਮ ਚਿਹਰੇ ਦਾ ਐਲਾਨ ਕਰਨ।
ਲੁਧਿਆਣਾ ਦੇ ਹਲਕਾ ਆਤਮ ਨਗਰ ਵਿਚ ਅੱਜ ਕਾਂਗਰਸ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਅਤੇ ਹਲਕਾ ਇੰਚਾਰਜ ਕਮਲਜੀਤ ਕੜਵਲ ਨੇ ਕਿਹਾ ਕਿ ਇਸ ਨੂੰ ਵਰਕਰ ਮੀਟਿੰਗ ਹੀ ਬਣਾਇਆ ਗਿਆ ਸੀ ਪਰ ਵਰਕਰਾਂ 'ਚ ਭਾਰੀ ਉਤਸ਼ਾਹ ਅਤੇ ਲੋਕਾਂ ਦਾ ਹੁੰਗਾਰਾ ਵੇਖ ਕੇ ਇਹ ਮੀਟਿੰਗ ਇਕ ਰੈਲੀ ਦਾ ਰੂਪ ਧਾਰ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਲੀਡਰਸ਼ਿਪ ਇਕ ਮੰਚ 'ਤੇ ਹੋਵੇਗੀ ਇਸ ਨੂੰ ਚੋਣਾਂ ਲਈ ਆਗਾਜ਼ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਵੱਡੀਆਂ ਗਰੰਟੀਆਂ ਦਿੰਦੇ ਨੇ ਉਨ੍ਹਾਂ ਨੂੰ ਪਹਿਲਾਂ ਆਪਣਾ ਸੀਐਮ ਐਲਾਨ ਕਰਨਾ ਚਾਹੀਦਾ ਹੈ।