
244 ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ-ਖੁਆਰ ਹੋ ਰਹੇ ਹਨ।
ਅੰਮ੍ਰਿਤਸਰ- ਭਾਰਤ ਨੇ ਯੂਕੇ-ਇੰਗਲੈਂਡ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 31 ਦਸੰਬਰ ਤੱਕ ਬੰਦ ਕਰ ਦਿੱਤੀਆਂ ਹਨ। ਇਸ ਵਿਚਕਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤੀਂ ਕਰੀਬ 12.40 ਵਜੇ ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਪੁੱਜੇ ਯਾਤਰੀਆਂ ਨੂੰ ਕੋਰੋਨਾ ਟੈਸਟ ਕਰਨ ਵਾਸਤੇ ਰੋਕਿਆ ਹੋਇਆ ਹੈ। 244 ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ-ਖੁਆਰ ਹੋ ਰਹੇ ਹਨ।
ਇੱਥੋਂ ਦੇ ਏਅਰਪੋਰਟ 'ਤੇ ਵਾਹਨਾਂ ਦੀਆਂ ਦੋਵੇਂ ਪਾਸੇ ਕਤਾਰਾਂ ਲੱਗੀਆਂ ਹੋਈਆਂ ਹਨ। ਸੋਮਵਾਰ ਰਾਤ ਬ੍ਰਿਟੇਨ ਤੋਂ ਪਹੁੰਚੀ ਫਲਾਈਟ ਰਾਹੀਂ ਆਏ ਸਾਰੇ 244 ਮੁਸਾਫਰਾਂ ਤੇ ਕਰੂ ਮੈਂਬਰਾਂ ਦੇ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਜਾ ਚੁੱਕੇ ਹਨ। ਦੱਸ ਦੇਈਏ ਕਿ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਪਹਿਲੇ ਬੈਚ 'ਚ ਲਏ 94 ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਮੁਸਾਫਰ ਫਿਲਹਾਲ ਏਅਰਪੋਰਟ ਦੇ ਅੰਦਰ ਹੀ ਹਨ। ਏਅਰਪੋਰਟ 'ਤੇ ਸਿਹਤ ਵਿਭਾਗ ਪੰਜਾਬ ਦੀਆਂ ਚਾਰ ਤੇ ਇਕ ਕੇਂਦਰ ਦੀ ਟੀਮ ਰਾਤ ਢਾਈ ਵਜੇ ਤੋਂ ਸੈਂਪਲ ਲੈ ਰਹੀ ਹੈ।
ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ (ਯਾਤਰੀ) ਕੋਰੋਨਾ ਟੈਸਟ ਕਰਵਾ ਕੇ ਹੀ ਲੰਡਨ ਤੋਂ ਤੁਰੇ ਸਨ ਅਤੇ ਉਨ੍ਹਾਂ ਕੋਲ ਨੈਗੇਟਿਵ ਰਿਪੋਰਟਾਂ ਵੀ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਪਰੇਸ਼ਾਨ ਕਰਦਿਆਂ ਉਨ੍ਹਾਂ ਨੂੰ 8-10 ਘੰਟਿਆਂ ਤੋਂ ਰੋਕ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ 'ਚ ਉਹ ਹਵਾਈ ਅੱਡੇ ਦੇ ਬਾਹਰ ਪਿਛਲੇ ਕਈ ਘੰਟਿਆਂ ਤੋਂ ਪਰੇਸ਼ਾਨ ਹੋ ਰਹੇ ਹਨ।