
ਇਤਿਹਾਸਕ ਗੁਰਦਵਾਰਿਆਂ ਵਿਚ ਵੀ ਹੁਣ ਕੋਈ ਨਹੀਂ ਮੰਨਦਾ ਅਕਾਲ ਤਖ਼ਤ ਦੇ ‘ਹੁਕਮਨਾਮੇ’
ਸੁੱਚਾ ਸਿੰਘ ਲੰਗਾਹ ਨੂੰ ਵੀ.ਆਈ.ਪੀ. ਵਜੋਂ ਲੈ ਕੇ ਅਖੰਡ ਪਾਠ ਕੀਤਾ ਤੇ ਅਰਦਾਸ ਕੀਤੀ
ਐਸ.ਏ.ਐਸ ਨਗਰ, 21 ਦਸੰਬਰ (ਸੁਖਦੀਪ ਸਿੰਘ ਸੋਈ): ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਅਕਾਲ ਤਖ਼ਤ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਕੋਈ ਪ੍ਰਵਾਹ ਨਾ ਕਰਦਿਆਂ, ਸੁੱਚਾ ਸਿੰਘ ਲੰਗਾਹ ਨੂੰ ਗੁਰਦਵਾਰਾ ਸਾਹਿਬ ਦੀ ਵੀ. ਆਈ.ਪੀ ਰਿਹਾਇਸ਼, ਕੋਠੀ ਵਿਚ ਠਹਿਰਣ ਲਈ, ਉਸ ਦੇ ਨਾਮ ਤੇ ਕਮਰਾ ਵੀ ਬੁੱਕ ਕੀਤਾ ਹੋਇਆ ਸੀ। ਇਸ ਲਈ ਮੈਨੇਜਰ ਵਲੋਂ ਇਹ ਆਖ ਕੇ ਪੱਲਾ ਝਾੜ ਦੇਣਾ ਕਿ ਇਹ ਮਾਮਲਾ ਮੇਰੇ ਨੋਟਿਸ ਵਿਚ ਨਹੀਂ, ਇਹ ਵੱਡੀ ਗ਼ੈਰਜ਼ਿੰਮੇਵਾਰੀ ਵਾਲੀ ਗੱਲ ਹੈ। ਗੁਰਦਵਾਰਾ ਸਾਹਿਬ ਦੇ ਮੈਨੇਜਰ ਨੇ ਤਾਂ ਇਥੋਂ ਤਕ ਵੀ ਕਹਿ ਦਿਤਾ ਕਿ, “ਅਕਾਲ ਤਖ਼ਤ ਦੇ ਹੁਕਮਨਾਮੇ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ, ਇਹ ਹੈੱਡ ਗ੍ਰੰਥੀ ਜਾਣੇ ਜਾਂ ਅਕਾਲ ਤਖ਼ਤ ਦਾ ਜਥੇਦਾਰ ਜਾਣੇ”। ਫ਼ਤਿਹਗੜ੍ਹ ਸਾਹਿਬ ਗੁਰਦਵਾਰੇ ਦੇ ਅਖੰਡ ਪਾਠਾਂ ਦੇ ਇੰਚਾਰਜ ਦੇ
ਦਫ਼ਤਰ ਵਿਚ ਜਦੋਂ ਪੜਤਾਲ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਸੁੱਚਾ ਸਿੰਘ ਲੰਗਾਹ ਵਲੋਂ ਰਖਵਾਏ ਗਏ ਅਖੰਡ ਪਾਠ ਦਾ ਭੋਗ, ਅੱਜ ਸਵੇਰੇ ਭੋਰਾ ਸਾਹਿਬ ਵਿਚ ਪਾਇਆ ਗਿਆ ਹੈ ਅਤੇ ਅਰਦਾਸ ਵੀ ਕੀਤੀ ਗਈ ਹੈ ਤੇ ਗੁਰੂ ਘਰ ਵਲੋਂ ਸਿਰੋਪਾਉ ਵੀ ਗ੍ਰੰਥੀ ਸਿੰਘਾਂ ਵਲੋਂ ਬਖ਼ਸ਼ਿਸ਼ ਕੀਤਾ ਗਿਆ ਹੈ। ਅਖੰਡ ਪਾਠ ਸਾਹਿਬ ਦੀ ਰਸੀਦ ਵੀ, ਵਾਊਚਰ-ਬੁੱਕ ਵਿਚ ਸੁੱਚਾ ਸਿੰਘ ਲੰਗਾਹ ਦੇ ਨਾਮ ਦੀ ਹੀ ਕੱਟੀ ਗਈ ਹੈ ਜਿਸ ਦਾ ਅਰੰਭ 19-12-20 ਨੂੰ ਹੋਇਆ ਅਤੇ ਸਮਾਪਤੀ ਦਾ ਭੋਗ 21-12-20 ਨੂੰ ਪਾਇਆ ਗਿਆ। ਭੋਰਾ ਸਾਹਿਬ ਵਿਚ ਸਵੇਰੇ ਮੌਕੇ ’ਤੇ ਹਾਜ਼ਰ ਗੁਰਸਿੱਖਾਂ ਵਲੋਂ ਜੋ ਤਸਵੀਰ ਖਿੱਚੀ ਗਈ ਹੈ, ਉਸ ਵਿਚ ਸੁੱਚਾ ਸਿੰਘ ਲੰਗਾਹ ਚੌਰ ਸਾਹਿਬ ਦੀ ਸੇਵਾ ਵੀ ਕਰ ਰਿਹਾ ਹੈ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ। ਆਮ ਸਿੱਖ ਸੰਗਤ ਦਾ ਕਹਿਣਾ ਸੀ ਕਿ ਅੱਜ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲੇ ‘ਜਥੇਦਾਰਾਂ’ ਦਾ ਇਕੋ ਇਕ ਮਕਸਦ, ਅਪਣੇ ਲੀਡਰਾਂ ਤੇ ਹਾਕਮਾਂ ਦੇ ਆਲੋਚਕਾਂ ਤੇ ਭਲੇ ਲੋਕਾਂ ਨੂੰ ਤੰਗ ਕਰਨਾ ਤੇ ਸ਼੍ਰੋਮਣੀ ਕਮੇਟੀ ਉਤੇ ਰਾਜ ਕਰ ਰਹੀ ਪਾਰਟੀ ਦੇ ਬੰਦਿਆਂ ਨੂੰ ਖੁਲ੍ਹੀ ਛੁੱਟੀ ਦਈ ਰਖਣਾ ਹੀ ਰਹਿ ਗਿਆ ਹੈ। ਜੋ ਸਿੱਖੀ ਦੇ ਸੱਚੇ ਸੇਵਕ ਹਨ, ਉਹ ਤਾਂ ਗੁਰਦਵਾਰੇ ਵਿਚ ਗਾਲੀ ਗਲੋਚ ਅਤੇ ਧੱਕੇਮੁੱਕੀ ਦੇ ਸ਼ਿਕਾਰ ਬਣਾਏ ਜਾਂਦੇ ਹਨ ਅਤੇ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪਾਰਟੀ ਦੇ ਬਲਾਤਕਾਰੀ ਵੀ ਸਤਿਕਾਰ ਦੇ ਪਾਤਰ ਸਮਝੇ ਜਾਦੇ ਹਨ।
ਇਹ ਸਾਰਾ ਮਾਮਲਾ ਸ. ਬੀਰ ਦਵਿੰਦਰ ਸਿੰਘ ਨੇ ਸਵੇਰੇ ਫ਼ੋਨ ਕਰ ਕੇ ਅਕਾਲ ਤਖ਼ਤ ਜਥੇਦਾਰ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਸਬੂਤ ਵਜੋਂ ਤਸਵੀਰਾਂ ਅਤੇ ਵੋਚਰ ਦੀ ਰਸੀਦ ਵੀ ਭੇਜ ਦਿਤੀ ਹੈ।
2. ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪ੍ਰਬੰਧ ਵਲੋਂ ਕੱਟੀ ਗਈ, ਸੁੱਚਾ ਸਿੰਘ ਲੰਗਾਹ ਦੇ ਨਾਮ ਦੀ ਰਸੀਦ ਦੀ ਫ਼ੋਟੋ ਕਾਪੀ।