
ਕੋਰੋਨਾ ਵਾਇਰਸ ਦਾ ਨਵਾਂ ਰੂਪ : ਬ੍ਰਿਟੇਨ ਵਿਚ ‘ਬੇਕਾਬੂ’ ਵਾਇਰਸ ਨਾਲ ਆਲਮੀ ਬਾਜ਼ਾਰਾਂ ਵਿਚ ਹਾਹਾਕਾਰ
ਸ਼ੇਅਰ ਬਾਜ਼ਾਰ ਨੇ ਵੀ ਲਗਾਇਆ 1407 ਅੰਕ ਦਾ ਗੋਤਾ
ਮੁੰਬਈ, 21 ਦਸੰਬਰ : ਬ੍ਰਿਟੇਨ ਵਿਚ ਕੋਵਿਡ-19 ਮਹਾਂਮਾਰੀ ਬਾਰੇ ਨਵੇਂ ਤਨਾਅ ਅਤੇ ਘਬਰਾਹਟ ਵਿਚਾਲੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ 1407 ਅੰਕ ਦਾ ਗੋਤਾ ਲਗਾ ਗਿਆ। ਆਲਮੀ ਬਾਜ਼ਾਰਾਂ ਵਿਚ ਜ਼ਬਰਦਸਤ ਵੇਚ ਦਾ ਸਿਲਸਿਲਾ ਚੱਲਣ ਨਾਲ ਸਥਾਨਕ ਬਾਜ਼ਾਰਾਂ ਦੀ ਧਾਰਨਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 1406.73 ਅੰਕ ਜਾਂ ਤਿੰਨ ਫ਼ੀ ਸਦੀ ਦੇ ਨੁਕਸਾਨ ਨਾਲ 45,553.96 ਅੰਕ ’ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 432 ਅੰਕ ਜਾਂ 3.14 ਫ਼ੀ ਸਦੀ ਦੀ ਭਾਰੀ ਗਿਰਾਵਟ ਨਾਲ 13,328.40 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸਾਰੇ ਸ਼ੇਅਰ ਨੁਕਸਾਨ ਵਿਚ ਰਹੇ। ਓਐਨਜੀਸੀ ਦੇ ਸ਼ੇਅਰ ਵਿਚ ਕਰੀਬ ਨੌ ਫ਼ੀ ਸਦੀ ਦੀ ਗਿਰਾਵਟ ਆਈ। ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਐਸਸੀਆਈ, ਐਨਟੀਪੀਸੀ, ਆਈਟੀਸੀ, ਐਕਸਿਸ ਬੈਂਕ ਅਤੇ ਪਾਰਵਗਰਿਡ ਦੇ ਸ਼ੇਅਰ ਵੀ ਸੱਤ ਫ਼ੀ ਸਦੀ ਤਕ ਟੁੱਟ ਗਏ।
ਰਿਲਾਇੰਸ ਸਕਿਊਰਟੀ ਦੇ ਪ੍ਰਮੁਖ ਰਣਨੀਤੀਕਾਰ ਵਿਨੋਦ ਮੋਦੀ ਨੇ ਕਿਹਾ, ‘‘ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਵੇਚ ਦਾ ਦਬਾਅ ਦੇਖਣ ਨੂੰ ਮਿਲਿਆ।
ਇਕ ਦਿਨ ਵਿਚ ਨਿਵੇਸ਼ਕਾਂ ਦੀ ਕਰੀਬ 7000 ਅਰਬ ਰੁਪਏ ਦੀ ਪੂੰਜੀ ਡੁੱਬ ਗਈ।’’ ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਵਿਚ ਕੋਵਿਡ-19 ਬਾਰੇ ਨਵੀਂ ਚਿੰਤਾ ਅਤੇ ਕੋਵਿਡ-19 ਦੇ ਟੀਕਿਆਂ ਲਈ ਸ਼ੱਕ ਉਠਣ ਵਿਚਾਲੇ ਆਲਮੀ ਪੱਧਰ ’ਤੇ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਤ ਹੋਈ। ਭਾਰਤ ਨੇ ਵੀ 23 ਤੋਂ 31 ਦਸੰਬਰ ਤਕ ਬ੍ਰਿਟੇਨ ਤੋਂ ਉਡਾਣਾਂ ਮੁਲਤਵੀ ਕਰ ਦਿਤੀਆਂ ਹਨ। ਹੋਰ ਏਸ਼ਿਆਈ ਬਾਜ਼ਾਰਾਂ ਵਿਚ ਹਾਂਗਕਾਂਗ ਦੇ ਹੈਗਸੇਂਗ ਅਤੇ ਜਪਾਨ ਦੇ ਨਿੱਕੀ ਵਿਚ ਗਿਰਾਵਟ ਆਈ। ਉਥੇ ਹੀ ਚੀਨ ਦੇ ਸ਼ੰਘਾਈ ਕਮਪੋਜ਼ਿਟ ਅਤੇ ਦਖਣੀ ਕੋਰੀਆ ਦੇ ਕਾਸਪੀ ਵਿਚ ਮਾਮੂਲੀ ਵਾਧਾ ਦਰਜ ਹੋਇਆ। ਆਲਮੀ ਕੱਚਾ ਤੇਲ 5.30 ਫ਼ੀ ਸਦੀ ਟੁੱਟ ਕੇ 49.49 ਪ੍ਰਤੀ ਬੈਰਲ ’ਤੇ ਆ ਗਿਆ।