
ਰਾਘਵ ਚੱਢਾ ਨੇ ਮਜੀਠੀਆ ਵਿਰੁਧ ਐਫ਼.ਆਈ.ਆਰ ਚੁਣਾਵੀ ਸਟੰਟ ਦਸਿਆ
ਚੰਡੀਗੜ੍ਹ , 21 ਦਸੰਬਰ (ਨਰਿੰਦਰ ਸਿੰਘ ਝਾਂਮਪੁਰ): ਪੰਜਾਬ ਦੇ ਬਹੁਚਰਚਿਤ ਡਰੱਗ ਮਾਮਲੇ ਵਿਚ ਕਾਂਗਰਸ ਸਰਕਾਰ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁਧ ਐਫ਼.ਆਈ.ਆਰ ਦਰਜ ਕਰਨ ਨੂੰ ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਦਾ ਚੁਣਾਵੀ ਸਟੰਟ ਕਰਾਰ ਦਿਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਇਆ,‘‘ਅਸੀਂ 8 ਦਸੰਬਰ ਨੂੰ ਹੀ ਦਸ ਦਿਤਾ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਵਿਚਕਾਰ ਡੀਲ ਹੋ ਚੁਕੀ ਸੀ। ਚੰਨੀ ਸਰਕਾਰ ਚੁਣਾਵੀ ਫ਼ਾਇਦੇ ਲਈ ਬੇਹੱਦ ਕਮਜ਼ੋਰ ਆਧਾਰ ’ਤੇ ਬਿਕਰਮ ਮਜੀਠੀਆ ਵਿਰੁਧ ਕੇਸ ਦਰਜ ਕਰੇਗੀ ਅਤੇ ਗ੍ਰਿਫ਼ਤਾਰ ਕਰਨ ਦਾ ਡਰਾਮਾ ਕਰੇਗੀ। ਮਜੀਠੀਆ ਵਿਰੁਧ ਐਫ਼.ਆਈ.ਆਰ ਦਰਜ ਕਰਨਾ ਸਟੰਟਮੈਨ ਚੰਨੀ ਦਾ ਚੁਣਾਵੀ ਸਟੰਟ ਹੈ।’’
ਰਾਘਵ ਚੱਢਾ ਨੇ ਕਿਹਾ, ‘‘ਮਜੀਠੀਆ ਮਾਮਲੇ ਦਾ ਹੱਲ ਵੀ ਉਸੇ ਤਰ੍ਹਾਂ ਹੋਵੇਗਾ, ਜਿਸ ਤਰ੍ਹਾਂ ਰਾਜਾ ਵੜਿੰਗ ਦੇ ਬੱਸ ਮਾਮਲੇ ਦਾ ਹੋਇਆ ਸੀ ਜਿਸ ਵਿਚ ਅਦਾਲਤ ਨੇ ਅਗਲੇ ਹੀ ਦਿਨ ਬੰਦ ਕੀਤੀਆਂ ਬਸਾਂ ਛੱਡ ਦਿਤੀਆਂ ਸਨ।
ਚੋਣਾਂ ਨੇੜੇ ਦੇਖ ਕੇ ਚੰਨੀ ਸਰਕਾਰ ਮਜੀਠੀਆ ’ਤੇ ਕੇਸ ਦਰਜ ਕਰ ਕੇ ਚੁਣਾਵੀਂ ਸਟੰਟ ਖੇਡ ਰਹੀ ਹੈ। ਜੇਕਰ ਸੱਚ ਵਿਚ ਕਾਂਗਰਸ ਸਰਕਾਰ ਡਰੱਗ ਮਾਮਲੇ ਵਿਚ ਲੋਕਾਂ ਨੂੰ ਇਨਸਾਫ਼ ਦੇਣਾ ਚਾਹੁੰਦੀ ਸੀ, ਤਾਂ 16 ਮਾਰਚ 2017 (ਜਿਸ ਦਿਨ ਕਾਂਗਰਸ ਸਰਕਾਰ ਬਣੀ ਸੀ) ਤੋਂ ਅੱਜ ਤਕ ਕੋਈ ਵੱਡੀ ਜਾਂਚ ਜਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਚੱਢਾ ਨੇ ਕਿਹਾ ਕਿ ਚੰਨੀ ਸਰਕਾਰ ਹੁਣ ਸਿਰਫ਼ ਇਕ ਹਫ਼ਤੇ ਦੀ ਸਰਕਾਰ ਰਹਿ ਗਈ ਹੈ।
ਦਸੰਬਰ ਦੇ ਅਖ਼ੀਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ ਅਤੇ ਚੰਨੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਹੋ ਜਣਗੀਆਂ। ਇਸ ਲਈ ਅਪਣੇ ਚੁਣਾਵੀ ਲਾਭ ਲਈ ਕਾਂਗਰਸ ਸਰਕਾਰ ਐਫ਼.ਆਈ.ਆਰ ਦਾ ਡਰਾਮਾ ਕਰ ਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਰਹੀ ਹੈ।