
ਪੀੜਤ ਪ੍ਰਵਾਰਾਂ ਵਲੋਂ ਧਰਨਾ ਜਾਰੀ ਅਤੇ ਅਦਾਲਤ ਨੇ ਗੋਲੀਕਾਂਡ ਦੀ ਸੁਣਵਾਈ 24 ਦਸੰਬਰ ਤਕ ਕੀਤੀ ਮੁਲਤਵੀ
ਕੋਟਕਪੂਰਾ, 21 ਦਸੰਬਰ (ਗੁਰਿੰਦਰ ਸਿੰਘ) : ਇਕ ਪਾਸੇ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਦਾ ਇਨਸਾਫ਼ ਲੈਣ ਲਈ ਪੀੜਤ ਪ੍ਰਵਾਰਾਂ ਵਲੋਂ ਲਾਇਆ ਗਿਆ ਦਿਨ ਰਾਤ ਦਾ ਧਰਨਾ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਤੇ ਦੂਜੇ ਪਾਸੇ ਉਕਤ ਗੋਲੀਕਾਂਡ ਵਿਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਰਜ਼ੀ ਵਿਚ ਅਦਾਲਤ ਨੂੰ ਮਾਮਲੇ ਦੀ ਪੜਤਾਲ ਕਰ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੌਰਾਨ ਦੋ ਸਿੱਖ ਨੌਜਵਾਨਾ ਦੀ ਮੌਤ ਹੋ ਗਈ ਸੀ ਤੇ ਅਨੇਕਾਂ ਜ਼ਖ਼ਮੀ ਹੋ ਗਏ ਸਨ, ਪੀੜਤ ਪ੍ਰਵਾਰਾਂ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਜੁਡੀਸ਼ੀਅਰੀ ਸਮੇਤ ਸਮੁੱਚੇ ਸਿਸਟਮ ’ਤੇ ਬੇਭਰੋਸਗੀ ਦਾ ਪ੍ਰਗਟਾਵਾ ਕਰਦਿਆਂ ਇਨਸਾਫ਼ ਮੋਰਚਾ ਸ਼ੁਰੂ ਕਰ ਦਿਤਾ ਹੈ ਤੇ ਦੂਜੇ ਪਾਸੇ ਉਕਤ ਗੋਲੀਕਾਂਡ ’ਚ ਨਾਮਜ਼ਦ ਹੋਏ ਪੁਲਿਸ ਅਧਿਕਾਰੀਆਂ ਨੇ ਵਧੀਕ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਗਈ ਹੈ ਕਿ ਉਕਤ ਘਟਨਾ ਵਿਚ ਪੁਲਿਸ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਹਮਲਾਵਰਾਂ ਵਿਰੁਧ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਉਕਤ ਮਾਮਲੇ ਸਬੰਧੀ ਅੱਜ ਅਦਾਲਤ ਵਿਚ ਦੋਹਾਂ ਧਿਰਾਂ ਦੇ ਵਕੀਲਾਂ ਦੀ ਕੁੱਝ ਕੁ ਬਹਿਸ ਹੋਈ ਪਰ ਵਧੀਕ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਬਹਿਬਲ ਗੋਲੀਕਾਂਡ ਦੀ ਅਗਲੀ ਸੁਣਵਾਈ 24 ਦਸੰਬਰ ’ਤੇ ਮੁਲਤਵੀ ਕਰ ਦਿਤੀ।
ਸੁਣਵਾਈ ਦੌਰਾਨ ਅਦਾਲਤ ਵਿਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਅੱਸ.ਪੀ. ਬਿਕਰਮਜੀਤ ਸਿੰਘ, ਸਾਬਕਾ ਐਸਐਚਉ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਹਾਜ਼ਰ ਸਨ।