
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹਿੰਦ-ਪਾਕਿ ਸਰਹੱਦ ਅਟਾਰੀ ਵਿਖੇ ਅਤਿ-ਆਧੁਨਿਕ ਬਣਾਈ ਗਈ......
ਅੰਮ੍ਰਿਤਸਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹਿੰਦ-ਪਾਕਿ ਸਰਹੱਦ ਅਟਾਰੀ ਵਿਖੇ ਅਤਿ-ਆਧੁਨਿਕ ਬਣਾਈ ਗਈ ਦਰਸ਼ਕ ਗੈਲਰੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਗੁਆਂਢੀ ਮੁਲਕ ਪਾਕਿ ਨਾਲ ਚੰਗੇ ਸਬੰਧਾਂ ਦਾ ਹਾਮੀ ਹੈ। ਸਰਹੱਦ 'ਤੇ ਚੰਗੇ ਸਬੰਧ ਅਤੇ ਸ਼ਾਂਤਪੂਰਵਕ ਮਾਹੌਲ ਸਿਰਜਣ ਲਈ ਭਾਰਤ ਹਮੇਸ਼ਾ ਮੋਹਰੀ ਸਫ਼ਾਂ ਵਿਚ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜੇ ਸੀ ਪੀ (ਸੰਯੁਕਤ ਚੈੱਕ ਪੋਸਟ) ਅਟਾਰੀ ਵਿਖੇ ਭਾਰਤ ਵਲੋਂ ਸ਼ੁਰੂ ਕੀਤੀ ਗਈ ਤਾਕਿ ਹਿੰਦ-ਪਾਕਿ ਦੇ ਲੋਕ ਦੋਹਾਂ ਮੁਲਕਾਂ ਦੇ ਝੰਡੇ ਉਤਰਨ ਦੀ ਰਸਮ ਵੇਖ ਸਕਣ।
ਉਨ੍ਹਾਂ ਦੁਹਰਾਇਆ ਤੇ ਆਸ ਪ੍ਰਗਟਾਈ ਕਿ ਪਾਕਿ ਨਾਲ ਸਾਡੇ ਦੋਸਤਾਨਾ ਸਬੰਧ ਕਾਇਮ ਹੋਣਗੇ। ਰਾਜਨਾਥ ਸਿੰਘ ਨੇ ਬੀ.ਐਸ.ਐਫ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਸਰਹੱਦੀ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ ਜੋ ਪਿਛਲੇ 70 ਸਾਲ ਤੋਂ ਗੁਆਂਢੀ ਮੁਲਕ ਦੇ ਹਮਲਿਆਂ ਦੌਰਾਨ ਬੇਸ਼ੁਮਾਰ ਦੁੱਖਾਂ ਨੂੰ ਝਲਦੇ ਆ ਰਹੇ ਹਨ। ਰਾਜਨਾਥ ਸਿੰਘ ਨੇ ਬੀ.ਐਸ.ਐਫ਼ ਨੂੰ ਭਾਰਤ ਦੀ ਰਖਿਆ ਕੰਧ ਕਰਾਰ ਦਿੰਦਿਆ ਕਿਹਾ ਕਿ ਵਿਕਾਸ ਦੇ ਨਾਲ-ਨਾਲ ਸਾਡੀਆਂ ਸਰਹੱਦਾਂ ਸੁਰੱਖਿਅਤ ਬੇਹੱਦ ਜ਼ਰੂਰੀ ਹਨ।
ਨਵੀਂ ਬਣੀ ਦਰਸ਼ਕ ਗੈਲਰੀ ਅਤੇ ਬੀ.ਐਸ.ਐਫ਼ ਦੇ ਫ਼ਲੈਟ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਝੰਡੇ ਦੀ ਰਸਮ ਵੇਖਣ ਰੋਜ਼ਾਨਾ ਆਉਂਦੇ ਹਨ। ਉਨ੍ਹਾਂ ਦੀ ਸਹੂਲਤ ਲਈ ਆਧੁਨਿਕ ਦਰਸ਼ਕ ਗੈਲਰੀ ਬਣਾਈ ਗਈ ਹੈ। ਇਸ ਦਾ ਨੀਂਹ ਪੱਧਰ ਰਾਜਨਾਥ ਸਿੰਘ ਨੇ 22 ਮਾਰਚ 2015 ਨੂੰ ਰਖਿਆ ਸੀ ਅਤੇ ਇਹ ਅਕਤੂਬਰ 2018 ਵਿਚ ਮੁਕੰਮਲ ਹੋਈ ਹੈ। ਇਸ ਮੌਕੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਬੀ.ਐਸ.ਐਫ਼ ਦੇ ਅਧਿਕਾਰੀ ਮੌਜੂਦ ਸਨ।