
ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਹੋਈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ’ਤੇ ਮੰਥਨ ਹੋਇਆ ਪਰ ਗੱਲ ਕਿਸੇ ਸਿਰੇ ਨਾ ਲੱਗ ਸਕੀ।
ਚੰਡੀਗੜ੍ਹ (ਪ.ਪ.) : ਇਸ ਵੇਲੇ ਪੰਜਾਬ ਅੰਦਰ ਚੋਣਾਂ ਦੀ ਗਰਮੀ ਹਰ ਇਕ ਦੇ ਸਿਰ ਨੂੰ ਚੜ੍ਹੀ ਹੋਈ ਹੈ ਤੇ ਹਰ ਪਾਰਟੀ ਹੌਲੀ-ਹੌਲੀ ਅਪਣੇ ਪੱਤੇ ਖੋਲ੍ਹਦੀ ਨਜ਼ਰ ਆ ਰਹੀ ਹੈ। ਇਸ ਵੇਲੇ ਤਕ ਭਾਵੇਂ ਲਗਭਗ ਸਾਰੀਆਂ ਪਾਰਟੀਆਂ ਨੇ ਅਪਣੇ-ਅਪਣੇ ਉਮੀਦਵਾਰ ਐਲਾਨ ਦਿਤੇ ਹਨ ਪਰ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਨੇ 31 ਉਮੀਦਵਾਰ ਅਜੇ ਹੋਰ ਐਲਾਨਣੇ ਹਨ। ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਹੋਈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ’ਤੇ ਮੰਥਨ ਹੋਇਆ ਪਰ ਗੱਲ ਕਿਸੇ ਸਿਰੇ ਨਾ ਲੱਗ ਸਕੀ।
Sonia Gandhi
ਸੂਤਰ ਦਸਦੇ ਹਨ ਕਿ ਪੰਜ ਸੀਟਾਂ ’ਤੇ ਪੇਚ ਫਸਿਆ ਹੋਇਆ ਹੈ। ਬਰਨਾਲਾ ਸੀਟ ਤੋਂ ਇਲਾਵਾ ਫ਼ਾਜ਼ਿਲਕਾ ਅਤੇ ਜਲਾਲਾਬਾਦ, ਨਵਾਂਸ਼ਹਿਰ, ਖੇਮਕਰਨ, ਬਰਨਾਲਾ ਤੇ ਆਦਮਪੁਰ ਆਦਿ ਸੀਟਾਂ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸ਼ਾਮ ਚੋਣ ਕਮੇਟੀ ਦੀ ਮੀਟਿੰਗ ਸੱਦੀ ਸੀ ਪ੍ਰੰਤੂ ਸਕਰੀਨਿੰਗ ਕਮੇਟੀ ’ਚ ਸਹਿਮਤੀ ਨਾ ਹੋਣ ਕਾਰਨ ਇਹ ਮੀਟਿੰਗ ਨਹੀਂ ਹੋਈ। ਪਰ ਕਮੇਟੀ ਦੇ ਮੈਂਬਰਾਂ ਨੇ ਕੇ.ਸੀ. ਵੇਣੂਗੋਪਾਲ ਨਾਲ ਮੀਟਿੰਗ ਕੀਤੀ ਹੈ। ਹਾਈ ਕਮਾਨ ਨੇ ਇਸ ਸਬੰਧੀ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਕੇ.ਸੀ. ਵੇਣੂਗੋਪਾਲ, ਮੁਕਲ ਵਾਸਨਿਕ, ਅੰਬਿਕਾ ਸੋਨੀ, ਹਰੀਸ਼ ਚੌਧਰੀ ਤੇ ਅਜੈ ਮਾਕਨ ਸ਼ਾਮਲ ਹਨ।
Sonia Gandhi, Rahul Gandhi
ਇਹ ਕਮੇਟੀ ਰੇੜਕੇ ਵਾਲੀਆਂ ਸੀਟਾਂ ਬਾਰੇ ਆਏ ਨਾਵਾਂ ’ਤੇ ਵਿਚਾਰ ਕਰ ਕੇ ਫ਼ਾਈਨਲ ਸੁਝਾਅ ਦੇਵੇਗੀ ਅਤੇ ਇਸ ਤੋਂ ਬਾਅਦ ਕਾਂਗਰਸ ਦੇ ਅਗਲੇ 31 ਉਮੀਦਵਾਰਾਂ ਦੇ ਨਾਂ ਤੈਅ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੀ 86 ਉਮੀਦਵਾਰਾਂ ਦੀ ਸੂਚੀ ਆਈ ਸੀ ਤੇ ਇਸ ਤੋਂ ਬਾਅਦ ਵੱਖ-ਵੱਖ ਹਲਕਿਆਂ ਵਿਚ ਬਾਗ਼ੀ ਸੁਰਾਂ ਉਠੀਆਂ ਸਨ ਤੇ ਹੁਣ ਪਾਰਟੀ ਅਗਲੇ 31 ਉਮੀਦਵਾਰਾਂ ਸਬੰਧੀ ਫ਼ੈਸਲਾ ਬੜੀ ਸੋਚ ਵਿਚਾਰ ਤੋਂ ਬਾਅਦ ਕਰਨਾ ਚਾਹੁੰਦੀ ਹੈ। ਸੂਤਰ ਇਹ ਵੀ ਦਸਦੇ ਹਨ ਕਿ ਸ਼ਾਇਦ ਪਹਿਲਾਂ ਤੋਂ ਐਲਾਨੇ ਉਮੀਦਵਾਰਾਂ ’ਚੋਂ ਕਿਸੇ ਦਾ ਪੱਤਾ ਕਟਿਆ ਵੀ ਜਾ ਸਕਦਾ ਹੈ।