
ਵਾਤਾਵਰਣ ਦੇ ਮੁੱਦੇ ’ਤੇ ਸੰਤ ਸੀਚੇਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
ਕੋਟਕਪੂਰਾ, 22 ਜਨਵਰੀ (ਗੁਰਿੰਦਰ ਸਿੰਘ) : ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੰਜਾਬ ਵਾਤਾਵਰਣ ਚੇਤਨਾ ਲਹਿਰ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਵਾਤਾਵਰਣ ਦੇ ਮੁੱਦੇ ’ਤੇ ਰਾਜਨੀਤਕ ਪਾਰਟੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਸੰਦੇਸ਼ ਜਾਰੀ ਕਰਨ ਸਬੰਧੀ ਬੇਨਤੀ ਪੱਤਰ ਸੌਂਪਿਆ ਗਿਆ।
ਇਸ ਮੌਕੇ ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਆਗੂਆਂ ’ਚ ਸ਼ਾਮਲ ਕਾਹਨ ਸਿੰਘ ਪੰਨੂੰ ਆਈਏਐਸ, ਗੁਰਪ੍ਰੀਤ ਸਿੰਘ ਚੰਦਬਾਜਾ, ਗੁਰਪ੍ਰੀਤ ਸਿੰਘ ਸਿੱਧੂ ਲਹਿਰਾ ਧੂੜਕੋਟ ਆਦਿ ਨੇ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਧਰਤੀ, ਹਵਾ ਅਤੇ ਪਾਣੀ ਬਾਰੇ ਵਿਸਥਾਰ ’ਚ ਵਿਚਾਰ ਚਰਚਾ ਕੀਤੀ।
ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਉਪਰੋਕਤ ਵਾਤਾਵਰਣ ਪੇ੍ਰਮੀਆਂ ਨੇ ਆਖਿਆ ਕਿ ਉਨ੍ਹਾਂ ਨੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਤਿਆਰ ਕੀਤਾ ਵਾਤਾਵਰਨ ਲੋਕ ਮਨੋਰਥ ਪੱਤਰ ਸਾਰੀਆਂ ਰਾਜਨੀਤਕ ਧਿਰਾਂ ਨੂੰ ਪਹੁੰਚਾ ਦਿਤਾ, ਕਈਆਂ ਨੂੰ ਵਾਤਾਵਰਣ ਪੇ੍ਰਮੀਆਂ ਨੇ ਖ਼ੁਦ ਘਰ-ਘਰ ਜਾਂ ਉਨ੍ਹਾਂ ਦੇ ਦਫ਼ਤਰ ਜਾ ਕੇ ਮਨੋਰਥ ਪੱਤਰ ਸੌਂਪਿਆ, ਈਮੇਲਜ਼ ਰਾਹੀਂ ਵੀ ਸੂਚਿਤ ਕੀਤਾ ਅਤੇ ਫ਼ੋਨ ਰਾਹੀਂ ਗੱਲਬਾਤ ਕਰ ਕੇ ਸੱਦਾ ਪੱਤਰ ਦਿਤਾ ਗਿਆ ਪਰ ਵਾਤਾਵਰਣ ਦੇ ਮੁੱਦੇ ’ਤੇ ਸਿਆਸੀ ਪਾਰਟੀਆਂ ਵਲੋਂ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ।
ਉਨ੍ਹਾਂ ਆਸ ਪ੍ਰਗਟਾਈ ਕਿ ਸਾਰੀਆਂ ਹੀ ਧਿਰਾਂ ਅਪਣੇ ਚੋਣ ਮਨੋਰਥ ਪੱਤਰਾਂ ’ਚ ਵਾਤਾਵਰਨ ਨਾਲ ਜੁੜੇ ਮੁੱਦੇ ਪ੍ਰਮੁੱਖਤਾ ਨਾਲ ਸ਼ਾਮਲ ਕਰਨਗੇ।
ਉਨ੍ਹਾਂ ਦਸਿਆ ਕਿ ਵਾਤਾਵਰਣ ਨੂੰ ਰਾਜਨੀਤਕ ਮੁੱਦਾ ਬਣਾਉਣਾ ਜ਼ਰੂਰੀ ਵੀ ਹੈ, ਕਿਉਂਕਿ ਵਾਤਾਵਰਨ ’ਚ ਆ ਰਹੇ ਨਿਘਾਰ ਦਾ ਉਨ੍ਹਾਂ ਦੀ ਆਉਣ ਵਾਲੀ ਨਵੀਂ ਪੀੜੀ ਦੀ ਜ਼ਿੰਦਗੀ ’ਤੇ ਵੱਡਾ ਅਸਰ ਪਵੇਗਾ। ਹਰੇਕ ਪੰਜਾਬੀ ਨੂੰ ਆਉਣ ਵਾਲੀਆਂ ਪੀੜੀਆਂ ਦੇ ਤੰਦਰੁਸਤ ਭਵਿੱਖ ਲਈ ਇਸ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਵਾਤਾਵਰਣ ਦੇ ਬਚਾਅ ਲਈ ਮੁਹਿੰਮ ਦਾ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿਤਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-22-2ਬੀ