
ਕੀ ਬਰਤਾਨੀਆ ਦੇ ਪਿ੍ੰਸ ਹੈਰੀ ਦੀ ਤਰਜ਼ 'ਤੇ ਭਾਰਤ ਦੇ ਸਿਆਸੀ ਆਗੂ ਅਪਣੀ ਸੁਰੱਖਿਆ ਦਾ ਖ਼ਰਚ ਆਪ ਚੁਕਣਗੇ?
ਸੁਨਾਮ, 22 ਜਨਵਰੀ (ਅਜੈਬ ਸਿੰਘ ਮੋਰਾਂਵਾਲੀ, ਭਗਵੰਤ ਸਿੰਘ ਚੰਦੜ): ਬਰਤਾਨੀਆ ਸਰਕਾਰ ਵਲੋਂ ਬਰਤਾਨੀਆ ਦੀ ਮਹਾਰਾਣੀ ਤੇ ਰਾਜਕੁਮਾਰ ਦੇ ਹੋਰ ਖ਼ਰਚਿਆਂ ਤੋਂ ਇਲਾਵਾ ਉਨ੍ਹਾਂ ਦੀ ਪੁਲਿਸ ਸੁਰੱਖਿਆ ਦੇ ਖ਼ਰਚੇ ਕੀਤੇ ਜਾਂਦੇ ਹਨ | ਇਸ ਲਈ ਪਿ੍ੰਸ ਹੈਰੀ ਨੇ ਬਰਤਾਨੀਆ ਸਰਕਾਰ ਤੋਂ ਯੂ.ਕੇ ਪੁਲਿਸ ਸੁਰੱਖਿਆ ਲਈ ਆਪ ਭੁਗਤਾਨ ਕਰਨ ਦਾ ਅਧਿਕਾਰ ਮੰਗਿਆ ਹੈ |
ਪਿ੍ੰਸ ਹੈਰੀ ਨੇ ਸਰਕਾਰ ਨੂੰ ਕਿਹਾ ਕਿ ਉਸ ਨੂੰ ਪੁਲਿਸ ਸੁਰੱਖਿਆ ਨਹੀਂ ਮਿਲਣੀ ਚਾਹੀਦੀ | ਪਿ੍ੰਸ ਤੇ ਉਨ੍ਹਾਂ ਦੀ ਪਤਨੀ ਮੇਘਣ ਨੇ ਅਪਣੀਆਂ ਸ਼ਾਹੀ ਜਿੰਮੇਵਾਰੀਆਂ ਸਾਲ 2020 ਦੌਰਾਨ ਛੱਡ ਦਿਤੀਆਂ ਸਨ | ਜੇਕਰ ਗੱਲ ਸਾਡੇ ਦੇਸ਼ ਭਾਰਤ ਦੀ ਕੀਤੀ ਜਾਵੇ ਤਾਂ ਛੋਟੇ ਪੱਧਰ ਤੋਂ ਲੈ ਕੇ ਵੱਡੇ ਆਗੂ ਵੀ ਕਈ-ਕਈ ਪੁਲਿਸ ਸੁਰੱਖਿਆ ਕਰਮੀ
ਲਈ ਫਿਰਦੇ ਆਮ ਹੀ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੀ ਇਸ ਪੁਲਿਸ ਸੁਰੱਖਿਆ ਲਈ ਖ਼ਰਚਾ ਸਰਕਾਰ
ਨੂੰ ਦੇਣਾ ਪੈਂਦਾ ਹੈ | ਇਹ ਖ਼ਰਚਾ ਆਮ ਲੋਕਾਂ ਤੋਂ ਟੈਕਸ ਦੇ ਰੂਪ ਵਿਚ ਵਸੂਲ ਕੇ ਉਨ੍ਹਾਂ ਦੀ ਪੁਲਿਸ ਸੁਰੱਖਿਆ 'ਤੇ ਕੀਤਾ ਜਾਂਦਾ ਹੈ | ਅੱਜ ਰਾਜਨੀਤਕ ਹੋਣਾ ਵੀ ਇਕ ਬਿਜ਼ਨਸ ਜਿਹਾ ਬਣ ਗਿਆ ਹੈ | ਹੁਣ ਜਦੋਂ ਕਿ ਆਮ ਨਾਗਰਿਕ ਤੋਂ ਟੈਕਸਾਂ ਦੇ ਰੂਪ ਵਿਚ ਇਕੱਠੇ ਕੀਤੇ ਹੋਏ ਪੈਸੇ ਐਮ.ਐਲ.ਏਜ਼, ਐਮਪੀਜ਼ ਅਤੇ ਮੰਤਰੀਆਂ ਦੀਆਂ ਪੈਨਸ਼ਨਾਂ, ਉਨ੍ਹਾਂ ਦੇ ਇਨਕਮ ਟੈਕਸ ਅਤੇ ਪੁਲਿਸ ਸੁਰੱਖਿਆ ਦੇ ਲਈ ਹਰ ਸਾਲ ਕਰੋੜਾਂ-ਅਰਬਾਂ ਦੇ ਹਿਸਾਬ ਵਿਚ ਖ਼ਰਚ ਕੀਤੇ ਜਾਂਦੇ ਹਨ ਜਦਕਿ ਬਰਤਾਨੀਆ ਦੇ ਰਾਜਘਰਾਣੇ ਦੇ ਪਿ੍ੰਸ ਹੈਰੀ ਨੇ ਪੁਲਿਸ ਸੁਰੱਖਿਆ ਤੋਂ ਮਨਾਹੀ ਕੀਤੀ ਹੈ ਅਤੇ ਖ਼ੁਦ ਹੀ ਪੁਲਿਸ ਸੁਰੱਖਿਆ ਦਾ ਖ਼ਰਚਾ ਕਰਨ ਦੀ ਮੰਗ ਕੀਤੀ ਹੈ | ਕੀ ਭਾਰਤ ਦੇ ਸਿਆਸੀ ਆਗੂ ਬਰਤਾਨੀਆ ਸਰਕਾਰ ਦੇ ਪਿ੍ੰਸ ਹੈਰੀ ਦੀ ਤਰਜ਼ 'ਤੇ ਅਪਣੀ ਪੁਲਿਸ ਸੁਰੱਖਿਆ ਦਾ ਖ਼ਰਚ ਆਪ ਕਰਨਗੇ?