ਮੁਲਜ਼ਮ ਕੋਲੋਂ ਹਥਿਆਰ ਵੀ ਹੋਏ ਬਰਾਮਦ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਾਲੇ ਗੋਲੀਬਾਰੀ ਹੋਈ ਹੈ। ਪੁਲਿਸ ਨੂੰ ਦੇਖ ਕੇ ਤਸਕਰ ਭੱਜਣ ਦੀ ਕੋਸ਼ਿਸ਼ 'ਚ ਕਾਰ ਪਲਟ ਗਈ। ਜਿਸ ਤੋਂ ਬਾਅਦ ਤਸਕਰ ਨੂੰ ਪੁਲਿਸ ਨੇ ਦਬੋਚ ਲਿਆ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 7 ਕਰੋੜ ਰੁਪਏ ਦੀ ਹੈਰੋਇਨ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਇਹ ਕਾਰਵਾਈ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਡੱਬਰ ਵਿੱਚ ਹੋਈ ਹੈ। ਉਥੇ ਫੜਿਆ ਗਿਆ ਸਮੱਗਲਰ ਮੌਜੂਦਾ ਸਰਪੰਚ ਦਾ ਲੜਕਾ ਹੈ।
ਪੜ੍ਹੋ ਪੂਰੀ ਖਬਰ: ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ: ਇੱਕ ਹਫਤੇ ਵਿੱਚ 5 ਕਿਲੋ ਹੈਰੋਇਨ ਸਮੇਤ 241 ਨਸ਼ਾ ਤਸਕਰ ਕਾਬੂ
ਇਹ ਤਸਕਰ ਪਿਛਲੇ ਕੁਝ ਸਮੇਂ ਤੋਂ ਐਨਡੀਪੀਐਸ ਕੇਸ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਉਹ ਹਾਲ ਹੀ 'ਚ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਵਾਪਸ ਜੇਲ੍ਹ ਨਹੀਂ ਗਿਆ। ਸੂਚਨਾ ਤੋਂ ਬਾਅਦ ਹੀ ਐੱਸਟੀਐੱਫ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਸੋਨੂੰ ਮਸੀਹ ਵਾਸੀ ਖਾਨਵਾਲ ਵਜੋਂ ਹੋਈ ਹੈ।
ਪੜ੍ਹੋ ਪੂਰੀ ਖਬਰ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਪੁਲਿਸ ਨੂੰ ਦੇਖ ਕੇ ਸੋਨੂੰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਐਸਟੀਐਫ ਦੀਆਂ ਗੱਡੀਆਂ ਉਸ ਦਾ ਪਿੱਛਾ ਕਰਨ ਲੱਗੀਆਂ ਤਾਂ ਉਸ ਨੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਵੀ ਦੋਸ਼ੀਆਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੋਨੂੰ ਮਸੀਹ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਖੇਤਾਂ ਵਿੱਚ ਪਲਟ ਗਈ।
ਪੁਲਿਸ ਨੇ ਮੁਲਜ਼ਮ ਸੋਨੂੰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਦੀ ਕਾਰ ਵਿੱਚੋਂ ਕਰੀਬ 1 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਇਆ ਹੈ, ਜਿਸ ਕਾਰਨ ਉਹ ਪੁਲੀਸ ’ਤੇ ਫਾਇਰਿੰਗ ਕਰ ਰਿਹਾ ਸੀ।