
ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ
ਚੰਡੀਗੜ੍ਹ : ਪੰਜਾਬ ਵਿਚ ਸਰਕਾਰੀ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸ ਅੰਦਰ ਤੈਅ ਸੀਟਾਂ ਤੋਂ ਇਲਾਵਾ ਇਕ ਵੀ ਸਵਾਰੀ ਫਾਲਤੂ ਨਹੀਂ ਬਿਠਾਈ ਜਾਵੇਗੀ। ਇਸ ਲਈ ਬਕਾਇਦਾ ਬੱਸਾਂ ’ਤੇ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਰੋਡਵੇਜ਼/ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਕੇਂਦਰ ਵਿਚ ਭਾਜਪਾ ਸਰਕਾਰ ਟ੍ਰੈਫਿਕ ਨਿਯਮਾਂ ਵਿਚ ਸੋਧ ਦੇ ਨਾਮ ’ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ’ਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਤੁਰੀ ਹੈ, ਜਿਸ ਦਾ ਪੂਰੇ ਭਾਰਤ ਵਿਚ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਅੰਦਰ ਬੱਸਾਂ ਵਿਚ ਤੈਅ ਹੱਦ ਤੋਂ ਕਿਤੇ ਵੱਧ ਸਵਾਰੀਆਂ ਸਫ਼ਰ ਕਰਦੀਆਂ ਹਨ ਪਰ ਹੁਣ ਭਵਿੱਖ ’ਚ ਅਜਿਹਾ ਨਹੀਂ ਕੀਤਾ ਜਾਵੇਗਾ ਤੇ ਨਿਯਮਾਂ ਅਨੁਸਾਰ ਸਵਾਰੀਆਂ ਚੜ੍ਹਾਈਆਂ ਜਾਣਗੀਆਂ। ਹਾਲਾਂਕਿ ਮੁਲਾਜ਼ਮਾਂ ਵਲੋਂ ਆਪ ਮੁਹਾਰੇ ਲਏ ਗਏ ਇਸ ਫ਼ੈਸਲੇ ’ਤੇ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ ਅਤੇ ਲੁਧਿਆਣਾ ਵਿਖੇ ਟਰੱਕ ਯੂਨੀਅਨਾਂ ਅਤੇ ਪਨਬੱਸ ਪੀ. ਆਰ. ਟੀ. ਸੀ. ਦੀ ਕੰਨਵੈਨਸ਼ਨ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਨੀਅਨ ਦੀਆਂ ਹੋਰ ਵੀ ਕਈ ਮੰਗਾਂ ਹਨ ਜਿਸ ਦੇ ਚੱਲਦੇ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।