
2020 ਦੌਰਾਨ ਦਰਜ ਕੇਸ ’ਚ ਸਬੂਤਾਂ ਦੀ ਘਾਟ ਕਾਰਨ ਸੀ.ਜੇ.ਐਮ. ਅਦਾਲਤ ਨੇ ਕੀਤਾ ਬਰੀ
ਜਲੰਧਰ: ਪੰਜਾਬ ਦੇ ਜਲੰਧਰ ਪਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਰਾਜ ਅੰਗੁਰਾਲ ਨੂੰ ਸੀ.ਜੇ.ਐਮ. ਡਾ. ਗਗਨਦੀਪ ਕੌਰ ਦੀ ਅਦਾਲਤ ਨੇ ਅਗਵਾ ਦੇ ਚਾਰ ਸਾਲ ਪੁਰਾਣੇ ਮਾਮਲੇ ’ਚ ਬਰੀ ਕਰ ਦਿਤਾ ਹੈ। ਮਾਮਲਾ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 365 ਅਤੇ 368 ਤਹਿਤ ਦਰਜ ਕੀਤਾ ਸੀ। ਇਸ ਕੇਸ ’ਚ ਵਿਧਾਇਕ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਜੌਲੀ, ਜਿੰਨੀ, ਦੀਪਾ ਅਤੇ ਚਿਰਾਗ ਨੂੰ ਵੀ ਕੇਸ ਤੋਂ ਬਰੀ ਕਰ ਦਿਤਾ ਗਿਆ ਹੈ।
ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਸਾਲ 2020 ’ਚ ਵਿਧਾਇਕ ਅੰਗੁਰਾਲ ਸਮੇਤ ਪੰਜ ਵਿਰੁਧ 11 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ। ਪੁਲਿਸ ਵਲੋਂ ਦਰਜ ਐਫ.ਆਈ.ਆਰ. ਅਨੁਸਾਰ ਇਹ ਅਗਵਾ ਬਸਤੀ ਦਾਨਿਸ਼ਮੰਡਾ ਨੇੜੇ ਹੋਇਆ ਸੀ। ਕੇਸ ’ਚ ਦੋਵੇਂ ਗੰਭੀਰ ਧਾਰਾਵਾਂ ਜੋੜੀਆਂ ਗਈਆਂ ਸਨ।
ਹਾਲਾਂਕਿ, ਸ਼ੀਤਲ ਅੰਗੁਰਾਲ ਨੇ ਉਦੋਂ ਕਿਹਾ ਸੀ ਕਿ ਇਹ ਸਾਰੀਆਂ ਕਾਰਵਾਈਆਂ ਸੱਤਾਧਾਰੀ ਸਰਕਾਰ ਦੇ ਨੇਤਾਵਾਂ ਦੇ ਦਬਾਅ ਹੇਠ ਕੀਤੀਆਂ ਗਈਆਂ ਸਨ। ਪੁਲਿਸ ਸਿਰਫ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਬਰੀ ਕਰ ਦਿਤਾ ਗਿਆ। ਐਡਵੋਕੇਟ ਪੰਕਜ ਸ਼ਰਮਾ ਵਿਧਾਇਕ ਸ਼ੀਤਲ ਦੀ ਨੁਮਾਇੰਦਗੀ ਕਰ ਰਹੇ ਸਨ।
ਜੂਏਬਾਜ਼ੀ ਦੇ ਮਾਮਲੇ ’ਚ ਵੀ ਹੋ ਚੁੱਕੇ ਨੇ ਬਰੀ
ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਪਹਿਲਾਂ ਸਬੂਤਾਂ ਦੀ ਘਾਟ ਕਾਰਨ ਜੂਆ ਐਕਟ ਦੇ ਇਕ ਪੁਰਾਣੇ ਕੇਸ ’ਚ ਬਰੀ ਕਰ ਦਿਤਾ ਗਿਆ ਸੀ। ਪਿਛਲੇ ਸਾਲ ਦਸੰਬਰ ’ਚ ਹੋਈ ਸੁਣਵਾਈ ਦੌਰਾਨ ਪੁਲਿਸ ਅਦਾਲਤ ’ਚ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿਤਾ। ਵਿਧਾਇਕ ਸ਼ੀਤਲ ਅੰਗੁਰਾਲ ਨੇ ਉਦੋਂ ਕਿਹਾ ਸੀ ਕਿ ਕੋਰੋਨਾ ਕਾਲ ਦੌਰਾਨ ਕਾਂਗਰਸ ਸਰਕਾਰ ਨੇ ਉਨ੍ਹਾਂ ਵਿਰੁਧ ਝੂਠਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਕੋਰੋਨਾ ਕਾਲ ਦੌਰਾਨ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਮੁਹੱਲਾ ਕੋਟ ਸਾਦਿਕ ’ਚ ਗੋਲਾ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰ ਕੇ ਸ਼ੀਤਲ ਅੰਗੁਰਾਲ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 2595 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਇਸ ਮਾਮਲੇ ’ਚ ਕੁਲ 13 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ।