
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵੀਂ ਇਮਾਰਤ ਸੰਗਤ ਨੂੰ ਕੀਤੀ ਅਰਪਣ
ਅੰਮ੍ਰਿਤਸਰ, 23 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵੀਂ ਤਿਆਰ ਇਮਾਰਤ ਸੰਗਤ ਨੂੰ ਅਰਪਣ ਕੀਤੀ। ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਗਈ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਮੌਕੇ ਧਾਰਮਕ ਦੀਵਾਨ ਸਜਾਏ ਗਏ ਅਤੇ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਨਾਲ ਸਬੰਧਤ ਇਹ ਇਤਿਹਾਸਕ ਅਸਥਾਨ ਸਿੱਖ ਧਰਮ ਵਿਚ ਵੱਡੀ ਮਹੱਤਤਾ ਰਖਦਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੁਲ੍ਹਣ ਨਾਲ ਪੂਰੇ ਵਿਸ਼ਵ ਦੀਆਂ ਸੰਗਤਾਂ ਇਥੇ ਮੱਥਾ ਟੇਕਣ ਲਈ ਪੁੱਜ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਕਾਰਸੇਵਾ ਕਰਵਾਉਣ ਲਈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ, ਕਾਰਸੇਵਾ ਸਮੇਂ ਸਹਿਯੋਗ ਕਰਨ ਵਾਲੀਆਂ ਪੁੱਜੀਆਂ ਸੰਗਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧਨਵਾਦ ਕੀਤਾ। ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਇਤਿਹਾਸਕ ਖੂਹ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸਨ, ਦੀ ਕਾਰਸੇਵਾ ਵੀ ਆਰੰਭ ਕੀਤੀ ਗਈ। ਇਸ ਮੌਕੇ ਜਥੇਦਾਰ ਗਿਆਨੀ ਗੁਰਮਿੰਦਰ ਸਿੰਘ ਤੇ ਹੋਰ ਸੰਗਤ ਹਾਜ਼ਰ ਸੀ।