
ਈ.ਡੀ. ਨੇ 4700 ਮਾਮਲਿਆਂ ਦੀ ਜਾਂਚ ਕੀਤੀ, 2002 ਤੋਂ ਸਿਰਫ਼ 313 ਗ੍ਰਿਫ਼ਤਾਰੀਆਂ ਹੋਈਆਂ : ਕੇਂਦਰ
ਨਵੀਂ ਦਿੱਲੀ, 23 ਫ਼ਰਵਰੀ : ਕੇਂਦਰ ਨੇ ਬੁਧਵਾਰ ਨੂੰ ਸੁਪਰੀਮ ਕੋਰਟ ਨੂੰ ਦਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅੱਜ ਤਕ 4700 ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ 2002 ’ਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਲਾਗੂ ਹੋਣ ਦੇ ਬਾਅਦ ਤੋਂ ਕਥਿਤ ਅਪਰਾਧਾਂ ਨੂੰ ਲੈ ਕੇ ਸਿਰਫ਼ 313 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜਿਹੇ ਮਾਮਲਿਆਂ ’ਚ ਅਦਾਲਤਾਂ ਵਲੋਂ ਜਾਰੀ ਕੀਤੇ ਅੰਤਿਮ ਹੁਕਮਾਂ ’ਤੇ ਰੀਕਵਰ ਕੀਤੀ ਗਈ ਕੁਲ ਰਾਸ਼ੀ ਲਗਭਗ 67,000 ਕਰੋੜ ਰੁਪਏ ਹੈ।
ਸਰਕਾਰ ਨੇ ਜਸਟਿਸ ਏ.ਐਮ. ਖਾਨਵਿਲਕਰ ਦੇ ਪ੍ਰਧਾਨਗੀ ਵਾਲੇ ਬੈਂਚ ਨੂੰ ਦਸਿਆ ਕਿ ਵਿਜੇ ਮਾਲਿਆ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ਈ.ਡੀ. ਨੇ ਅਦਾਲਤੀ ਆਦੇਸ਼ ਦੇ ਬਾਅਦ 18,000 ਕਰੋੜ ਰੁਪਏ ਤੋਂ ਵਧ ਜ਼ਬਤ ਕੀਤੇ। ਚੋਟੀ ਦੀ ਅਦਾਲਤ ਪੀਐਮਐਲਏ ਦੇ ਕੁੱਝ ਵਿਵਸਥਾਵਾਂ ਦੀ ਵਿਆਖਿਆ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ।
ਮਹਿਤਾ ਨੇ ਬੈਂਚ ਨੂੰ ਦਸਿਆ ਕਿ ਕਾਨੂੰਨ ਲਾਗੂ ਹੋਣ ਦੇ ਬਾਅਦ ਤੋਂ ਅੱਜ ਤਕ ਈਡੀ ਵਲੋਂ 4700 ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘2002 ’ਚ ਪੀਐਮਐਲਏ ਲਾਗੂ ਹੋਣ ਦੇ ਬਾਅਦ ਤੋਂ ਅੱਜ ਦੀ ਤਰੀਕ ਤਕ ਸਿਰਫ਼ 313 ਗ੍ਰਿਫ਼ਤਾਰੀਆਂ ਹੋਈਆਂ। 2002 ਤੋਂ ਹੁਣ ਤਕ 20 ਸਾਲਾਂ ’ਚ ਸਿਰਫ਼ 313 ਗ੍ਰਿਫ਼ਤਾਰੀਆਂ।’’ ਉਨ੍ਹਾਂ ਕਿਹਾ, ‘‘ਇਸ ਦਾ ਇਹ ਕਾਰਨ ਹੈ ਕਿ ਬਹੁਤ ਸਖ਼ਤ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ।’’ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮਹਿਤਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਯੂਨਾਈਟਿਡ ਕਿੰਗਡਮ, ਅਮਰੀਕਾ, ਚੀਨ, ਹਾਂਗਕਾਂਗ, ਬੈਲਜੀਅਮ ਅਤੇ ਰੂਸ ਵਰਗੇ ਦੇਸ਼ਾਂ ਵਿਚ ਮਨੀ ਲਾਂਡਰਿੰਗ ਐਕਟ ਤਹਿਤ ਸਾਲਾਨਾ ਦਰਜ ਹੋਣ ਵਾਲੇ ਕੇਸਾਂ ਦੇ ਮੁਕਾਬਲੇ ਪੀਐਮਐਲਏ ਦੇ ਤਹਿਤ ਜਾਂਚ ਲਈ ਬਹੁਤ ਘੱਟ ਮਾਮਲੇ ਲਏ ਜਾ ਰਹੇ ਹਨ। (ਏਜੰਸੀ)