
10ਵੀਂ ਤੇ 12ਵੀਂ ਦੇ ‘ਆਫ਼ਲਾਈਨ’ ਇਮਤਿਹਾਨ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ
ਨਵੀਂ ਦਿੱਲੀ, 23 ਫ਼ਰਵਰੀ : ਕੋਰੋਨਾ ਕਾਲ ’ਚ ਸਕੂਲਾਂ ਅਤੇ ਕਾਲਜਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਜਿਥੇ ਇਮਤਿਹਾਨ ਆਨਲਾਈਨ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ, ਉੱਥੇ ਹੀ 10ਵੀਂ ਅਤੇ 12ਵੀਂ ਬੋਰਡ ਦੇ ਸਾਰੇ ਇਮਤਿਹਾਨ ਆਫ਼ਲਾਈਨ ਮੋਡ (ਸਕੂਲ ਕੰਪਲੈਕਸ ’ਚ) ’ਤੇ ਲਏ ਜਾਣਗੇ। ਸੁਪਰੀਮ ਕੋਰਟ ਨੇ ਇਸ ਸਾਲ ਸੀ. ਬੀ. ਐਸ. ਈ. ਅਤੇ ਕਈ ਹੋਰ ਬੋਰਡ ਵਲੋਂ ਆਯੋਜਤ ਕੀਤੀਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੇ ‘ਆਫ਼ਲਾਈਨ’ ਬੋਰਡ ਇਮਤਿਹਾਨ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਬੁਧਵਾਰ ਨੂੰ ਇਨਕਾਰ ਕਰ ਦਿਤਾ।
ਜਸਟਿਸ ਏ. ਐਮ. ਖਾਨਿਵਲਕਰ, ਜਸਟਿਸ ਦਿਨੇਸ਼ ਮਾਹੇਸ਼ਵਰੀ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਨਾਲ ਗ਼ਲਤ ਉਮੀਦਾਂ ਅਤੇ ਹਰ ਥਾਂ ਭਰਮ ਫੈਲਦਾ ਹੈ। ਬੈਂਚ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਝੂਠੀਆਂ ਉਮੀਦਾਂ ਬੱਝਦੀਆਂ ਹਨ, ਸਗੋਂ ਇਮਤਿਹਾਨ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ’ਚ ਵੀ ਭਰਮ ਦੀ ਸਥਿਤੀ ਪੈਦਾ ਹੁੰਦੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪਣਾ-ਅਪਣਾ ਕੰਮ ਕਰਨ ਦਿਉ।
ਦਰਅਸਲ ਪਟੀਸ਼ਨ ’ਚ ਸੀ. ਬੀ. ਐਸ. ਈ. ਅਤੇ ਹੋਰ ਸਿਖਿਆ ਬੋਰਡ ਨੂੰ ਹੋਰ ਮਾਧਿਅਮਾਂ ਨਾਲ ਇਮਤਿਹਾਨ ਲੈਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ। ਸੀ.ਬੀ.ਐਸ.ਈ. ਅਤੇ ਹੋਰ ਸਿਖਿਆ ਬੋਰਡ ਨੇ 10ਵੀਂ ਅਤੇ 12ਵੀਂ ਲਈ ‘ਆਫ਼ਲਾਈਨ’ ਮਾਧਿਅਮ ਤੋਂ ਬੋਰਡ ਇਮਤਿਹਾਨ ਕਰਾਉਣ ਦਾ ਪ੍ਰਸਤਾਵ ਦਿਤਾ ਹੈ। ਸੀ.ਬੀ.ਐਸ. ਈ. ਨੇ 10ਵੀਂ ਅਤੇ 12ਵੀਂ ਜਮਾਤਾਂ ਲਈ 26 ਅਪ੍ਰੈਲ ਨੂੰ ਬੋਰਡ ਇਮਤਿਹਾਨ ਕਰਾਉਣ ਦਾ ਫ਼ੈਸਲਾ ਕੀਤਾ ਹੈ।