
ਸਿਖਿਆ ਬੋਰਡ ਅੱਗੇ ਲਾਇਆ ਰੋਸ ਧਰਨਾ 18ਵੇਂ ਦਿਨ ਵੀ ਜਾਰੀ
ਐਸ.ਏ.ਐਸ ਨਗਰ, 23 ਫ਼ਰਵਰੀ (ਸੁਖਦੀਪ ਸਿੰਘ ਸੋਈਂ) : ਰੋਸ ਧਰਨੇ ਨੂੰ ਹੋਰ ਪ੍ਰਚੰਡ ਕਰਨ ਲਈ ਸੰਕੇਤਕ ਤੌਰ ’ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਗੇਟ ਸਵੇਰ ਦੇ ਸਮੇਂ ਅੱਧੇ ਘੰਟੇ ਲਈ ਬੰਦ ਕੀਤੇ ਗਏ। ਇਸ ਸਮੇਂ ਕਿਸਾਨ ਤੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਮਨਸ਼ਾ ਲੋਕਾਂ ਦੇ ਕੰਮਾਂ ਵਿਚ ਰੁਕਾਵਟ ਪਾਉਣਾ ਨਹੀਂ ਸਗੋਂ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਪ੍ਰਤੀ ਸੱਚ (ਜਿਸ ਨੂੰ ਕੂੜ ਕਬਾੜ ਹੇਠ ਦਫ਼ਨ ਕੀਤਾ ਜਾ ਰਿਹਾ ਹੈ), ਨੂੰ ਉਜਾਗਰ ਕਰਨ ਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਟਰੇਲਰ ਮਾਤਰ ਹੀ ਇਹ ਗੇਟ ਬੰਦ ਕੀਤੇ ਗਏ ਹਨ ਤੇ ਅਜੇ ਫ਼ਿਲਮ ਬਾਕੀ ਹੈ।
ਸਬੰਧਤ ਅਧਿਕਾਰੀਆਂ ਨੂੰ ਇਹ ਤਾੜਨਾ ਵੀ ਕੀਤੀ ਗਈ ਕਿ ਇਤਿਹਾਸ ਦੀ ਸੱਚਾਈ ਨੂੰ ਗ਼ਲਤ ਪੇਸ਼ ਕਰਨ ਵਾਲੇ ਦੋਸ਼ੀਆਂ ਵਿਰੁਧ ਛੇਤੀ ਤੋਂ ਛੇਤੀ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਨਾਲ-ਨਾਲ ਇਤਿਹਾਸ ਦੀ ਸਚਿਆਈ ਵਾਲੀਆਂ ਪੁਸਤਕਾਂ ਜਲਦੀ ਪ੍ਰਕਾਸ਼ਤ ਕਰਨ ਦੀ ਜ਼ਿੰਮੇਵਾਰੀ ਸੰਭਾਲੇ ਨਹੀਂ ਤਾਂ ਇਸ ਰੋਸ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ ਵਾਲੇ ਲੋਟੂ ਲਾਣੇ ਨੂੰ ਚਿਤਾਵਨੀ ਵੀ ਦਿਤੀ ਗਈ ਕਿ ਇਹ ਆਰਥਕ ਸ਼ੋਸ਼ਣ ਬੰਦ ਕਰ ਕੇ ਬਣਦੀ ਤਨਖ਼ਾਹ ਦੇਣ ਦੇ ਯਤਨ ਕੀਤੇ ਜਾਣ।
ਇਸ ਮੌਕੇ ਬੀਬੀ ਕੁਲਵਿੰਦਰ ਕੌਰ ‘ਨੇਕਨਾਮਾ’ ਆਸਟ੍ਰੇਲੀਆ ਨੇ ਵੀ ਬੜੇ ਭਾਵੁਕ ਸ਼ਬਦਾਂ ਤੇ ਭਰੇ ਮਨ ਨਾਲ ਉਕਤ ਮਾਮਲੇ ’ਤੇ ਰੋਸ ਜ਼ਾਹਰ ਕਰਦਿਆਂ ਸੱਚਾਈ ਦੇ ਪੱਖ ਵਿਚ ਹਰ ਸੇਵਾ ਲੈਣ ਦਾ ਪ੍ਰਣ ਕੀਤਾ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਸਿੱਖ ਧਰਮ ਹਰ ਤਰ੍ਹਾਂ ਦੀ ਲੁੱਟ ਖਸੁੱਟ ਦਾ ਵਿਰੋਧ ਕਰਦਾ ਹੋਇਆ ਜੂਝਦਾ ਹੈ, ਦੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਇਕ ਵੱਡਾ ਬਜਰ ਗੁਨਾਹ ਹੈ।