
“ਮੇਰਾ ਪੁੱਤ 2 ਮਹੀਨੇ ਪਹਿਲਾਂ ਜੇਲ੍ਹ 'ਚੋਂ ਆਇਆ ਸੀ, ਪੁਲਿਸ ਨੇ ਗੈਂਗਸਟਰ ਬਣਾ ਕੇ ਨਾਜਾਇਜ਼ ਮਾਰ ਦਿੱਤਾ”
ਚੰਡੀਗੜ੍ਹ: ਸ੍ਰੀ ਫਤਹਿਗੜ੍ਹ ਸਾਹਿਬ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਗੈਂਗਸਟਰ ਤੇਜਿੰਦਰ ਸਿੰਘ ਤੇਜਾ ਮਾਰਿਆ ਗਿਆ। ਤੇਜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਉਸ ਦੀ ਮਾਂ ਮਨਦੀਪ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਤਿੰਨ ਲੜਕੇ ਹਨ, ਜਿਨਾਂ ਵਿਚੋਂ ਤੇਜਿੰਦਰ ਸਿੰਘ ਸਭ ਤੋਂ ਛੋਟਾ ਸੀ।
ਉਹਨਾਂ ਕਿਹਾ ਕਿ ਮੇਰਾ ਪੁੱਤ 2 ਮਹੀਨੇ ਪਹਿਲਾਂ ਜੇਲ੍ਹ 'ਚੋਂ ਆਇਆ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਗੈਂਗਸਟਰ ਬਣਾ ਕੇ ਨਾਜਾਇਜ਼ ਮਾਰ ਦਿੱਤਾ। ਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਸਾਰੇ ਕੇਸਾਂ ਵਿਚੋਂ ਬਰੀ ਹੋ ਗਿਆ ਸੀ, ਇਕ ਹੀ ਕੇਸ ਸੀ ਜਿਸ ਵਿਚ ਉਹ ਜ਼ਮਾਨਤ ’ਤੇ ਸੀ। ਮਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕੋਈ ਨਸ਼ਾ ਨਹੀਂ ਕਰਦਾ ਸੀ। ਉਸ ਵਿਚ ਕੋਈ ਐਬ ਨਹੀਂ ਸੀ, ਉਸ ਨੂੰ ਜੇਲ੍ਹ ਵਿਚ ਬੈਠੇ ਨੂੰ ਹੀ ਗੈਂਗਸਟਰ ਬਣਾ ਦਿੱਤਾ।
ਤੇਜਾ ਸਿੰਘ ਦੇ ਗੁਆਂਢੀ ਗੁਰਜੀਤ ਸਿੰਘ ਨੇ ਦੱਸਿਆ ਕਿ ਤੇਜਾ ਬੁਰਾ ਇਨਸਾਨ ਨਹੀਂ ਸੀ। ਤੇਜਿੰਦਰ ਸਾਲ 2011 ਤੋਂ ਬਾਅਦ ਪਿੰਡ ਨਹੀਂ ਆਇਆ ਸੀ ਅਤੇ ਹੁਣ ਜ਼ਮਾਨਤ 'ਤੇ ਬਾਹਰ ਸੀ। ਉਹਨਾਂ ਦੱਸਿਆ ਕਿ ਤੇਜਾ ਸਿੰਘ ਦਾ ਇਕ ਭਰਾ ਇੰਗਲੈਂਡ ਵਿਚ ਹੈ ਅਤੇ ਇਕ ਭਰਾ ਗੁਰਜਿੰਦਰ ਜੇਲ੍ਹ ਵਿਚ ਹੈ ਜੋ ਕਿ ਐਨ.ਡੀ.ਪੀ.ਐਸ. ਐਕਟ ਤਹਿਤ 13 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ 7 ਸਾਲ ਤੋਂ ਜੇਲ੍ਹ ਵਿਚ ਹੈ।
ਪਿੰਡ ਵਾਸੀਆਂ ਨੇ ਦੱਸਿਆ ਤੇਜਿੰਦਰ ਸਿੰਘ 10ਵੀਂ ਪਾਸ ਹੈ ਅਤੇ ਉਸ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਹੋਇਆ ਸੀ। ਉਸ ਨੇ ਪਿੰਡ ਵਿਚ ਕਦੀ ਲੜਾਈ ਜਾਂ ਨਸ਼ਾ ਨਹੀਂ ਕੀਤਾ। ਉਸ ਨੂੰ ਇਕ ਮਕਸਦ ਤਹਿਤ ਜੇਲ੍ਹ ਵਿਚੋਂ ਕੱਢਿਆ ਗਿਆ ਸੀ। ਸਾਨੂੰ ਪਹਿਲਾਂ ਤੋਂ ਸੰਕੇਤ ਹੋ ਗਿਆ ਸੀ ਕਿ ਅੰਤ ਮਾੜਾ ਹੋਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਤੇਜਿੰਦਰ ਸਿੰਘ ਤੇਜਾ ਦੇ ਅੰਤਿਮ ਸਸਕਾਰ ਮੌਕੇ ਉਸ ਦੇ ਭਰਾ ਨੂੰ ਪੈਰੋਲ ਦਿੱਤੀ ਜਾਵੇ।