
ਬੱਸੀ ਪਠਾਣਾਂ ਸ਼ਹਿਰ ਵਿਚ ਬੀਤੇ ਦਿਨੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਸੀ, ਇਸ ਦੌਰਾਨ ਕਰਾਸ ਫਾਇਰਿੰਗ ਵੀ ਹੋਈ
ਮੁਹਾਲੀ : ਬੱਸੀ ਪਠਾਣਾਂ ਸ਼ਹਿਰ ਵਿਚ ਬੀਤੇ ਦਿਨੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਸੀ, ਇਸ ਦੌਰਾਨ ਕਰਾਸ ਫਾਇਰਿੰਗ ਵੀ ਕੀਤੀ ਗਈ ਸੀ। ਪੁਲਿਸ ਫੋਰਸ ਵੱਲੋਂ 2 ਗੈਂਗਸਟਰਾਂ ਨੂੰ ਮੌਕੇ 'ਤੇ ਮਾਰ ਦਿੱਤਾ ਗਿਆ ਜਦਕਿ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ।
8 ਜਨਵਰੀ ਨੂੰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਵੱਲੋਂ ਫਗਵਾੜਾ ਤੋਂ ਇਕ ਗੱਡੀ ਖੋਹੀ ਗਈ ਸੀ ਅਤੇ ਇਸ ਦੌਰਾਨ ਫਿਲੌਰ ਨੇੜੇ ਪਿੱਛਾ ਕਰ ਰਹੇ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਨੂੰ ਗੋਲ਼ੀਆਂ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਕਤ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਅਤੇ ਬੀਤੇ ਦਿਨ ਪੁਲਿਸ ਮੁਕਾਬਲੇ ਵਿੱਚ 3 ਗੈਂਗਸਟਰਾਂ ਨੂੰ ਮਾਰ ਮੁਕਾਇਆ।
ਇਸ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ ਆਪਣੀ ਗੈਂਗਸਟਰ ਤੇਜਾ ਆਪਣੀ ਪ੍ਰੇਮਿਕਾ ਨੂੰ ਗ੍ਰਿਫਤਾਰ ਕੀਤੇ ਜਾਣ ਕਾਰਨ ਪੁਲਿਸ ਤੋਂ ਇਸ ਦਾ ਬਦਲਾ ਲੈਣ ਦੀ ਤਾਕ ਵਿਚ ਸੀ। ਗੈਂਗਸਟਰ ਤੇਜਾ ਖ਼ੁਦ ਹੀ ਇੰਸਪੈਕਟਰ ਸੁਰਿੰਦਰ ਕੁਮਾਰ ਤੇ ਪੰਜਾਬ ਪੁਲਿਸ ਦੀ ਟੀਮ ਵਲੋਂ ਵਿਛਾਏ ਜਾਲ ’ਚ ਫਸ ਗਿਆ।
ਤੇਜਾ ਦੇ ਸਬੰਧ ’ਚ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਪੁਲਿਸ ਉਸ ਦੇ ਮੁੱਖ ਸਾਥੀ ਜੋਰਾਵਰ ਸਿੰਘ ਜੋਰਾ, ਜੋ ਪੁਲਿਸ ਦੀ ਗੋਲ਼ੀ ਲੱਗਣ ਕਾਰਨ ਜ਼ਖਮੀ ਹੋਇਆ ਸੀ, ਨੂੰ ਪਟਿਆਲਾ ਜੇਲ੍ਹ ਤੋਂ ਰਿਮਾਂਡ ’ਤੇ ਫਿਲੌਰ ਥਾਣੇ ਲਿਆਈ।
ਇਕ ਹਫ਼ਤਾ ਪਹਿਲਾਂ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਹੱਥ ਇਕ ਹੋਰ ਜਾਣਕਾਰੀ ਲੱਗੀ। ਉਨ੍ਹਾਂ ਨੂੰ ਪਤਾ ਲੱਗਾ ਕਿ ਤੇਜਾ ਦੀ ਇਕ ਪ੍ਰੇਮਿਕਾ ਹੈ, ਜਿਸ ਦੇ ਨਾਲ ਉਹ ਦਿੱਲੀ ਵਿਚ ਛੁਪਿਆ ਹੋਇਆ ਹੈ। ਜਿਉਂ ਹੀ ਪੁਲਿਸ ਨੇ ਉੱਥੇ ਛਾਪੇਮਾਰੀ ਕੀਤੀ ਤਾਂ ਤੇਜਾ ਤਾਂ ਉੱਥੋਂ ਫ਼ਰਾਰ ਹੋ ਗਿਆ ਪਰ ਪੁਲਿਸ ਤੇਜਾ ਦੀ ਪ੍ਰੇਮਿਕਾ ਨੂੰ ਫੜ ਕੇ ਫਿਲੌਰ ਥਾਣੇ ਲੈ ਆਈ। ਤੇਜਾ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਪੁਲਿਸ ਨੇ ਉਸ ਨੂੰ ਫੜਨ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ।
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਨਾਮੀ ਗੈਂਗਸਟਰ ਜੋ ਜੇਲ੍ਹਾਂ ’ਚ ਬੰਦ ਹਨ ਜਾਂ ਫਿਰ ਜੋ ਖੁੱਲ੍ਹੇ ਬਾਹਰ ਘੁੰਮ ਰਹੇ ਹਨ, ਇਨ੍ਹਾਂ ਸਾਰਿਆਂ ਨੇ ਕੈਨੇਡਾ ’ਚ ਟੈਲੀਫੋਨ ਐਕਸਚੇਂਜ ਖੋਲ੍ਹ ਰੱਖੀ ਹੈ, ਜਿੱਥੇ ਪੜ੍ਹੇ-ਲਿਖੇ ਕੰਪਿਊਟਰ ਐਕਸਪਰਟ ਮੁੰਡੇ ਰੱਖੇ ਹੋਏ ਹਨ। ਜਿਸ ਕਿਸੇ ਵੀ ਗੈਂਗਸਟਰ ਨੇ ਫਿਰੌਤੀ ਮੰਗਣ ਲਈ ਧਮਕੀ ਭਰਿਆ ਫੋਨ ਕਰਨਾ ਹੁੰਦਾ ਹੈ, ਇਹ ਪਹਿਲਾਂ ਇੱਥੋਂ ਵਿਦੇਸ਼ ਫੋਨ ਕਰਦੇ ਹਨ ਅਤੇ ਫਿਰ ਉਸ ਮੁੰਡੇ ਨੂੰ ਉਹ ਨੰਬਰ ਦਿੰਦੇ ਹਨ। ਉਹ ਮੁੰਡਾ ਉੱਥੋਂ ਕੰਪਿਊਟਰ ਦੀ ਮਦਦ ਨਾਲ ਕੋਈ ਵੀ ਨਵਾਂ ਵਿਦੇਸ਼ੀ ਨੰਬਰ ਤਿਆਰ ਕਰ ਕੇ ਉਸ ਵਿਅਕਤੀ ਨੂੰ ਫੋਨ ਕਰ ਕੇ ਲਾਈਨ ’ਤੇ ਲੈ ਲੈਂਦਾ ਹੈ, ਜਿਸ ਤੋਂ ਬਾਅਦ ਇਹ ਗੈਂਗਸਟਰ ਉਸ ਨਾਲ ਗੱਲ ਕਰ ਕੇ ਫੋਨ ਕੱਟ ਦਿੰਦਾ ਹੈ। ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਹੁੰਦੀ ਤਾਂ ਉਨ੍ਹਾਂ ਫੋਨ ਨੰਬਰਾਂ ਦੀ ਨਾ ਤਾਂ ਕੋਈ ਸਾਈਬਰ ਕ੍ਰਾਈਮ ਡਿਟੇਲ ਕਢਵਾ ਸਕਦਾ ਨਾ ਲੋਕੇਸ਼ਨ ਅਤੇ ਨਾ ਹੀ ਫੋਨ ਦੇ ਈ. ਐੱਮ. ਆਈ. ਨੰਬਰ ਦੇ ਰਿਕਾਰਡ ਦਾ ਪਤਾ ਲੱਗਦਾ।