
ਅੱਜ ਤੀਜੇ ਦਿਨ ਵੀ ਨਾ ਹੋ ਸਕਿਆ ਸਸਕਾਰ
ਕੁਰੂਕਸ਼ੇਤਰ, 22 ਮਾਰਚ (ਮਹੀਪਾਲ ਸਿੰਘ ਆਹਲੂਵਾਲੀਆ): ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਅੱਜ ਤੀਜੇ ਦਿਨ ਵੀ ਸਸਕਾਰ ਨਾ ਕੀਤਾ ਗਿਆ। ਮਰਹੂਮ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਪਿੰਡ ਨੂੰ ਆਉਣ ਵਾਲੀ ਮੁੱਖ ਸੜਕ 'ਤੇ ਪੁਲਿਸ ਵਲੋਂ ਬਾਹਰੋਂ ਆਉਣ ਵਾਲੇ ਵਾਹਨਾਂ ਨੂੰ ਵੱਖ-ਵੱਖ ਥਾਂਵਾਂ 'ਤੇ ਨਾਕੇ ਲਾ ਕੇ ਰੋਕਿਆ ਜਾ ਰਿਹਾ ਹੈ ਅਤੇ ਪਿੰਡ 'ਚ ਜਾਣ 'ਤੇ ਪਾਬੰਦੀ ਹੈ। ਕਰੀਬ 10 ਕਿਲੋਮੀਟਰ ਦੇ ਘੇਰੇ 'ਚ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਹੈ ਜਿਸ ਕਾਰਨ ਇਲਾਕੇ 'ਚ ਦਹਿਸ਼ਤ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਠਸਕਾ ਅਲੀ 'ਚ ਇਕੱਤਰਤ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁਧ ਮਾਮਲਾ ਨਾਮ ਸਹਿਤ ਦਰਜ ਕੀਤਾ ਜਾਵੇ ਅਤੇ ਧਾਰਾ 302 ਦੀ ਬਜਾਏ 306 ਤਹਿਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁਪ ਦੇ ਬੁਲਾਰੇ ਪ੍ਰੋ: ਮਹਿੰਦਰਪਾਲ ਸਿੰਘ ਨੇ ਖ਼ਾਲਸਾ ਦੇ ਨਿਵਾਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
Case of Gurbakhsh Singh Khalsa
ਇਸ ਤੋਂ ਪਹਿਲਾਂ ਬੀਤੇ ਦਿਨ ਸਿੱਖ ਸੰਗਤਾਂ ਨੇ ਰੋਸ ਵਜੋਂ ਸ਼ਾਹਾਬਾਦ-ਠੋਲ ਰੋਡ 'ਤੇ ਕਰੀਬ 8 ਘੰਟੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਉਨ੍ਹਾਂ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ। ਏਨਾ ਹੀ ਨਹੀਂ, ਪਰਵਾਰ ਅਤੇ ਸੰਗਤ ਨੇ ਭਾਈ ਖ਼ਾਲਸਾ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ। ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਪੁੱਜੇ ਕੁਰੂਕਸ਼ੇਤਰ ਦੇ ਏ.ਡੀ.ਸੀ. ਧਰਮਵੀਰ ਸਿੰਘ ਨੇ ਪ੍ਰਦਰਸ਼ਨਕਾਰੀ ਸੰਗਤ ਨੂੰ ਦੋਸ਼ੀ ਅਧਿਕਾਰੀਆਂ ਅਤੇ ਕਰਮਚਰੀਆਂ ਵਿਰੁਧ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ 2 ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿਤਾ। ਇਸ ਤੋਂ ਬਾਅਦ ਪ੍ਰਸ਼ਾਸਨ ਤੋਂ ਲਾਸ਼ ਲੈਣ 'ਤੇ ਸੰਗਤ ਨੇ ਸਹਿਮਤੀ ਪ੍ਰਗਟਾ ਦਿਤੀ ਪਰ ਪ੍ਰਸ਼ਾਸਨ ਵਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਕਰ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਨੇ ਖ਼ਾਲਸਾ ਦੇ ਘਰਦਿਆਂ ਦੀ ਸਹਿਮਤੀ ਨਾਲ ਅੱਜ ਵੀ ਖ਼ਾਲਸਾ ਦੇ ਦੇਹ ਨੂੰ ਅਗਨ ਭੇਂਟ ਨਹੀਂ ਕੀਤਾ।