
ਚਰਚਿਤ ਪਰੋਟੋਕੋਲ ਦੀ ਉਲੰਘਣਾ ਦੇ ਮਸਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ..
ਅੰਮ੍ਰਿਤਸਰ, 17 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਚਿਤ ਪਰੋਟੋਕੋਲ ਦੀ ਉਲੰਘਣਾ ਦੇ ਮਸਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਅਜ਼ਾਦੀ ਦਿਵਸ ਮੌਕੇ ਪਰੇਡ ਦਾ ਨਿਰੀਖਣ ਕਰਨ ਮੌਕੇ ਕਾਂਗਰਸ ਦੇ ਹੋਰ ਆਗੂ ਅਪਣੇ ਆਪ ਹੀ ਜਿਪਸੀ 'ਤੇ ਚੜ੍ਹ ਗਏ ਸਨ। ਪਰੋਟੋਕੋਲ ਦੀ ਉਲੰਘਣਾ ਕਾਂਗਰਸੀ ਆਗੂਆਂ ਨੇ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਨਹੀਂ। ਕੈਪਟਨ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਵੇਂ ਨਵੇਂ ਹਨ ਤੇ ਜਲਦੀ ਹੀ ਸੱਭ ਕਾਨੂੰਨੀ ਤੇ ਪ੍ਰੰਪਰਾਵਾਂ ਸਬੰਧੀ ਜਾਣੂੰ ਹੋ ਜਾਣਗੇ।
ਕੈਪਟਨ ਨੇ ਫ਼ਸਲੀ ਕਰਜ਼ੇ ਮੁਆਫ਼ ਕਰਨ, ਲੰਗਰ ਤੇ ਜੀ.ਐਸ.ਟੀ ਅਤੇ ਹੋਰਨਾਂ ਮੁੱਦਿਆਂ ਬਾਰੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ 'ਤੇ ਲਾਉਂਦਿਆਂ ਉਨ੍ਹਾਂ ਦੀ ਤਿੱਖੀ ਅਲੋਚਨਾ ਕਰਦੇ ਹੋਏ ਚੁਨੌਤੀ ਦਿਤੀ ਕਿ ਬਾਦਲ ਸਰਕਾਰ ਵੇਲੇ ਕੋਈ ਇਕ ਵੀ ਅਸਰਦਾਇਕ ਪ੍ਰਾਪਤੀ ਦਸਣ। ਕੈਪਟਨ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਦੀਆਂ ਘਟੀਆ ਨੀਤੀਆਂ ਅਤੇ ਦ੍ਰਿਸ਼ਟੀਹੀਣ ਪ੍ਰੋਗਰਾਮਾਂ ਨੇ 10 ਸਾਲਾਂ 'ਚ ਸੂਬੇ ਨੂੰ ਤਬਾਹ ਕਰ ਦਿਤਾ ਹੈ। ਸੁਖਬੀਰ ਤੇ ਉਸ ਦੇ ਜੋਟੀਦਾਰਾਂ ਨੇ ਸੂਬੇ ਅਤੇ ਇਸ ਦੀ ਸੰਪਤੀ ਨੂੰ ਬਰਬਾਦ ਕਰ ਕੇ ਪੰਜਾਬ ਨੂੰ ਉਸ ਦੇ ਮਾਣ ਅਤੇ ਗੌਰਵ ਤੋਂ ਵਾਂਝਾ ਕਰ ਦਿਤਾ ਹੈ। ਕਾਂਗਰਸ ਸਰਕਾਰ ਦੇ ਚਾਰ ਮਹੀਨਿਆਂ ਦੇ ਸ਼ਾਸਨ ਤੇ ਕਿੰਤੂ-ਪ੍ਰੰਤੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਹਮਲੇ ਕਰਦਿਆਂ ਕੈਪਟਨ ਨੇ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਲਈ ਚੁਨੌਤੀ ਦਿਤੀ ਕਿ ਉਨ੍ਹਾਂ ਨੇ ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਲਈ ਕੀ ਕੀਤਾ ਹੈ। ਮੁੱਖ ਮੰਤਰੀ ਨੇ ਸੁਖਬੀਰ ਨੂੰ ਅਪਣੇ ਅੰਦਰ ਝਾਤੀ ਮਾਰਨ ਲਈ ਕਿਹਾ ਹੈ ਕਿ ਉਹ ਇਹ ਦਸਣ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਕੀ ਦਿਤਾ। ਲੰਗਰ ਅਤੇ ਪ੍ਰਸਾਦ 'ਤੇ ਜੀ.ਐਸ.ਟੀ ਤੋਂ ਛੋਟ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਕੋਲ ਉਠਾਇਆ ਹੈ ਅਤੇ ਇਸ ਦੀ ਪੈਰਵੀ ਕਰ ਰਹੇ ਹਨ। ਇਹ ਮੁੱਦਾ ਕੇਂਦਰ ਸਰਕਾਰ ਕੋਲ ਪਿਆ ਹੈ ਤੇ ਕੇਂਦਰੀ ਮੰਤਰੀ ਬੀਬੀ ਬਾਦਲ ਨੂੰ ਇਹ ਮੁੱਦਾ ਪੰਜਾਬ ਦੀ ਹਕੂਮਤ ਤੇ ਮੜ੍ਹਣ ਦੀ ਥਾਂ ਲੰਗਰ ਤੇ ਜੀ.ਐਸ.ਟੀ ਤੋਂ ਛੋਟ ਦਿਵਾਉਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਵਿਖੇ ਨਵਜੋਤ ਸਿੰਘ ਸਿੱਧੂ ਵਲੋਂ ਪਰੋਟੋਕੋਲ ਤੋੜਨ ਦੀ ਅਲੋਚਨਾ ਕੀਤੀ ਹੈ। ਸ. ਬਾਦਲ ਨੇ ਸਿੱਧੂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹ ''ਲਾਫ਼ਟਰ ਚੈਨਲ'' ਨਹੀਂ, ਜੇਕਰ ਉਸ ਨੂੰ ਕੁੱਝ ਪਤਾ ਨਹੀਂ ਹੈ ਤਾਂ ਉਹ ਘਰ ਬੈਠ ਜਾਵੇ। ਪਰੰਪਰਾ ਅਤੇ ਮਰਿਆਦਾ ਨੂੰ ਕਾਇਮ ਰੱਖਣ ਦੀ ਲੋੜ ਹੈ।