
ਕੰਵਰ ਗਰੇਵਾਲ ਦੇ ਡੇਰਾ ਸਿਰਸਾ ਜਾਣ ਦਾ ਮਸਲਾ ਪੰਜਾਬ ਅਤੇ ਪੰਜਾਬੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੰਵਰ ਗਰੇਵਾਲ ਡੇਰਾ ਸਿਰਸਾ ਵਿਖੇ ਗਾਉਣ ਲਈ ਗਏ ਅਤੇ..
ਕੰਵਰ ਗਰੇਵਾਲ ਦੇ ਡੇਰਾ ਸਿਰਸਾ ਜਾਣ ਦਾ ਮਸਲਾ ਪੰਜਾਬ ਅਤੇ ਪੰਜਾਬੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੰਵਰ ਗਰੇਵਾਲ ਡੇਰਾ ਸਿਰਸਾ ਵਿਖੇ ਗਾਉਣ ਲਈ ਗਏ ਅਤੇ ਸਟੇਜ 'ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਵਾਉਣ ਕਰਕੇ ਕੰਵਰ ਦਾ 2 ਘੰਟੇ ਦਾ ਪ੍ਰੋਗਰਾਮ 17 ਮਿੰਟਾਂ ਵਿੱਚ ਹੀ ਖਤਮ ਕਰਵਾ ਦਿੱਤਾ ਗਿਆ। ਇੱਕ ਧੜਾ ਜਿੱਥੇ ਇਸ ਘਟਨਾ ਲਈ ਕੰਵਰ ਦੀ ਆਲੋਚਨਾ ਕਰ ਰਿਹਾ ਹੈ ਉੱਥੇ ਹੀ ਕੰਵਰ ਦੇ ਫੈਨ ਉਸਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ। ਮਾਮਲੇ ਨੂੰ ਤੂਲ ਫੜਦਿਆਂ ਦੇਖ ਕੰਵਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੇ ਡੇਰਾ ਸਿਰਸਾ ਜਾਣ ਅਤੇ ਪ੍ਰੋਗਰਾਮ ਬਾਰੇ ਸਪਸ਼ਟੀਕਰਨ ਦਿੱਤਾ।
ਕੰਵਰ ਦਾ ਕਹਿਣਾ ਹੈ ਕਿ ਉਹ ਇੱਕ ਪੇਸ਼ੇਵਰ ਕਲਾਕਾਰ ਹੈ ਅਤੇ ਆਪਣਾ ਅਤੇ ਆਪਣੀ ਟੀਮ ਦਾ ਖਰਚਾ ਚਲਾਉਣ ਲਈ ਉਹਨਾਂ ਲਈ ਪ੍ਰੋਗਰਾਮ ਕਰਨੇ ਜ਼ਰੂਰੀ ਹਨ। ਕੰਵਰ ਦਾ ਇਹ ਵੀ ਕਹਿਣਾ ਸੀ ਕਿ ਰਾਜਨੀਤਿਕ ਸਮਾਰੋਹ ਅਤੇ ਵਿਆਹਾਂ ਦੇ ਪ੍ਰੋਗਰਾਮ ਉਹ ਖੁਦ ਨਹੀਂ ਲਗਾਉਂਦੇ ਅਤੇ ਜੇਕਰ ਉਹ ਅਜਿਹੇ ਪ੍ਰੋਗਰਾਮ ਨਹੀਂ ਫੜਨਗੇ ਤਾਂ ਫਿਰ ਉਹਨਾਂ ਕੋਲ ਜ਼ਿਆਦਾ ਵਿਕਲਪ ਨਹੀਂ ਰਹਿ ਜਾਂਦੇ ਮੁੱਦਾ ਇਹ ਹੈ ਕਿ ਕੁਝ ਦਿਨ ਪਹਿਲਾਂ ਜ਼ਮੀਰ ਨਾਂਅ ਦਾ ਗੀਤ ਗਾ ਕੇ ਜ਼ਮੀਰ ਜਗਾਉਣ ਦਾ ਹੋਕਾ ਦੇਣ ਵਾਲੇ ;ਜਾਗਦੇ ਜ਼ਮੀਰ' ਵਾਲੇ ਕੰਵਰ ਗਰੇਵਾਲ ਡੇਰਾ ਸਿਰਸਾ ਜਾਣ ਵੇਲੇ ਇਸ ਡੇਰੇ ਨਾਲ ਪਿਛਲੇ ਸਮੇਂ ਦੌਰਾਨ ਜੁੜੀਆਂ ਘਟਨਾਵਾਂ 'ਤੇ ਅੱਖਾਂ ਕਿਉਂ ਮੀਟ ਗਏ ? ਸਿਰਫ 2 ਲੱਖ ਰੁਪਏ ਲਈ ? ਜਾਰੀ ਵੀਡੀਓ ਵਿੱਚ ਡੇਰਾ ਮੁਖੀ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕੀਤੇ ਜਾਣ 'ਤੇ ਵੀ ਕੰਵਰ ਦੀ ਬੋਲੀ ਡੇਰਾ ਮੁਖੀ ਦੇ ਹੱਕ ਵਿੱਚ ਜਾਪੀ।
ਕੰਵਰ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਨਾ ਕੋਈ ਬਣਿਆ ਹੈ `ਤੇ ਨਾ ਕੋਈ ਬਣ ਸਕਦਾ ਹੈ। ਪਰ ਕੀ ਇਸ ਤੱਥ ਦੇ ਆਧਾਰ 'ਤੇ ਡੇਰਾ ਮੁਖੀ ਨੂੰ ਉਹਨਾਂ ਦੀ ਨਕਲ ਕਰਨ ਦਾ ਅਧਿਕਾਰ ਦੇ ਦਿੱਤਾ ਜਾਵੇ ਜਾਂ ਕੀਤੀ ਨਕਲ ਨੂੰ ਜਾਇਜ਼ ਠਹਿਰਾ ਦਿੱਤਾ ਜਾਵੇ ? ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦਰਮਿਆਨ ਟਕਰਾਅ ਵਿੱਚ 2 ਸਿੱਖਾਂ ਦੀ ਮੌਤ ਹੋ ਗਈ ਸੀ। ਦਰਅਸਲ ਇਸ ਸਾਰੇ ਘਟਨਾਕ੍ਰਮ ਨੇ ਇੱਕ ਗੱਲ ਸਾਫ ਕਰ ਦਿੱਤੀ ਹੈ ਕਿ ਕਲਾਕਾਰਾਂ ਦੀਆਂ ਸਟੇਜੀ ਗੱਲਾਂ ਦਾ ਮਕਸਦ ਸਿਰਫ ਆਪਣੇ ਨਾਲ ਜੁੜੇ ਲੋਕਾਂ ਦੀ ਗਿਣਤੀ ਵਧਾਉਣਾ ਹੁੰਦਾ ਹੈ ਅਸਲ ਜ਼ਿੰਦਗੀ ਲਈ ਉਹਨਾਂ ਗੱਲਾਂ ਨੂੰ ਅਮਲੀ ਰੂਪ ਦੇਣਾ ਅਤੇ ਆਪਣੇ ਦਾਅਵਿਆਂ `ਤੇ ਖਰਾ ਉੱਤਰਨ ਨਾਲ ਕਲਾਕਾਰਾਂ ਦਾ ਕੋਈ ਸੰਬੰਧ ਨਹੀਂ ਹੁੰਦਾ।