
ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਅਤੇ ਮਾਲਵਾ ਖੇਤਰ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਕੰਮ ਕੀਤਾ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੈਟਰਨ ਕਾਂਗਰਸੀ ਆਗੂ ਅਤੇ ਸਾਬਕਾ ਸਿੰਜਾਈ ਤੇ ਮਾਲ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ (90) ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਅਬੁਲ ਖੁਰਾਣਾ ਦਾ ਅੱਜ ਸਵੇਰੇ ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਗੁਰਨਾਮ ਸਿੰਘ ਅਬੁਲ ਖੁਰਾਣਾ ਨੂੰ ਭੱਦਰਪੁਰਸ਼ ਸਿਆਸਤਦਾਨ ਅਤੇ ਲੋਕਾਂ ਦਾ ਆਗੂ ਦੱਸਿਆ ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਅਤੇ ਮਾਲਵਾ ਖੇਤਰ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਕੰਮ ਕੀਤਾ।
Gurnam singh Abul khurana
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਬੁਲ ਖੁਰਾਣਾ ਸਥਾਨਕ ਲੋਕਾਂ ਨਾਲ ਜ਼ਮੀਨ ਪੱਧਰ 'ਤੇ ਜੁੜੇ ਹੋਣ ਕਰਕੇ ਮਾਲਵਾ ਪੱਟੀ ਵਿੱਚ ਹਮੇਸ਼ਾ ਯਾਦ ਕੀਤੇ ਜਾਇਆ ਕਰਨਗੇ। ਉਨ੍ਹਾਂ ਦੇ ਦੇਹਾਂਤ ਨਾਲ ਰਾਜਸੀ ਖੇਤਰ ਵਿੱਚ ਇਕ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਰਨਾ ਮੁਸ਼ਕਲ ਹੈ। ਸ਼ੋਕਗ੍ਰਸਤ ਪਰਿਵਾਰ, ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
captain amarinder singh tweet
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਮਰਹੂਮ ਆਗੂ ਨੂੰ ਸਤਿਕਾਰ ਭੇਂਟ ਕਰਦਿਆਂ ਅੱਜ ਦੇ ਰਹਿੰਦੇ ਦਿਨ ਲਈ ਸੂਬਾ ਸਰਕਾਰ ਦੇ ਦਫਤਰਾਂ, ਬੋਰਡ, ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ।ਜ਼ਿਕਰਯੋਗ ਹੈ ਕਿ ਗੁਰਨਾਮ ਸਿੰਘ ਅਬੁਲ ਖੁਰਾਣਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਹਲਕਾ ਲੰਬੀ ਤੋਂ 1992-1997 ਦਰਮਿਆਨ ਵਿਧਾਇਕ ਰਹੇ ਹਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਬੁਲ ਖੁਰਾਣਾ ਵਿਖੇ 24 ਮਾਰਚ 2021 (ਬੁੱਧਵਾਰ) ਨੂੰ ਸਵੇਰੇ 11.30 ਵਜੇ ਹੋਵੇਗਾ।