
ਹਫ਼ਤਾ ਕਿਸਾਨ ਆਗੂਆਂ, ਪ੍ਰੈੱਸ ਤੇ ਰਿਸ਼ਤੇਦਾਰਾਂ ਨੂੂੰ ਨਾ ਮਿਲਣ ਦੀ ਕੀਤੀ ਅਪੀਲ
ਬਠਿੰਡਾ(ਸੁਖਜਿੰਦਰ ਮਾਨ): ਕੋਰੋਨਾ ਮਹਾਂਮਾਰੀ ਤੋਂ ਪੀੜਤ ਹੋਏ ਉਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਅੱਜ ਹਸਪਤਾਲ ਵਿਚੋਂ ਛੁੱਟੀ ਮਿਲ ਗਈ। ਉਹ ਸਥਾਨਕ ਸ਼ਹਿਰ ਦੇ ਨਿਵਾਰਣ ਹਸਪਤਾਲ ਵਿਚ ਦਾਖ਼ਲ ਸਨ। ਸੂਚਹਨਾ ਮੁਤਾਬਕ ਬੇਸ਼ੱਕ ਹਾਲੇ ਉਨ੍ਹਾਂ ਦੀ ਕੋਰੋਨਾ ਨੈਗੇਟਿਵ ਰੀਪੋਰਟ ਨਹੀਂ ਆਈ ਪ੍ਰੰਤੂ ਉਹ ਸਰੀਰਿਕ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਪਾਏ ਗਏ ਹਨ। ਡਾਕਟਰਾਂ ਨੇ ਕਿਸਾਨ ਆਗੂ ਨੂੰ ਇਕ ਹਫ਼ਤਾ ਪੂਰੀ ਤਰ੍ਹਾਂ ਅਰਾਮ ਕਰਨ ਦੀ ਵੀ ਸਲਾਹ ਦਿਤੀ ਹੈ ਜਿਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾ ਨੇ ਅਪਣੇ ਸਾਥੀ ਝੰਡਾ ਸਿੰਘ ਜੇਠੂਕਾ ਕੋਲ ਰਹਿਣ ਦਾ ਫ਼ੈਸਲਾ ਲਿਆ ਹੈ।
Joginder singh ugrahn
ਹਸਪਤਾਲ ਵਿਚ ਛੁੱਟੀ ਮਿਲਣ ਤੋਂ ਬਾਅਦ ਅਪਣੀ ਚੜ੍ਹਦੀ ਕਲਾਂ ਦਾ ਹਵਾਲਾ ਦਿੰਦਿਆਂ ਕਿਸਾਨ ਆਗੂ ਨੇ ਜਾਰੀ ਇਕ ਵੀਡੀਉ ਸੁਨੇਹੇ ਰਾਹੀਂ ਅਪਣੇ ਹਮਦਰਦਾਂ, ਕਿਸਾਨ ਆਗੂਆਂ, ਰਿਸ਼ਤੇਦਾਰਾਂ ਤੇ ਇੱਥੋਂ ਤਕ ਪੱਤਰਕਾਰਾਂ ਨੂੰ ਵੀ ਇਕ ਹਫ਼ਤੇ ਤਕ ਉਸ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਮੁੜ ਕਿਸਾਨ ਮੋਰਚੇ ਵਿਚ ਸ਼ਾਮਲ ਹੋ ਸਕਣ।
Joginder Singh Ugrahan
ਦਸਣਾ ਬਣਦਾ ਹੈ ਕਿ ਪਿਛਲੇ ਹਫ਼ਤੇ ਲਗਾਤਾਰ ਖ਼ੰਘ ਅਤੇ ਬੁਖ਼ਾਰ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੂੰ ਬਠਿੰਡਾ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਵਲੋਂ ਉਸ ਦੀ ਕੋਰੋਨਾ ਰੀਪੋਰਟ ਕੀਤੀ ਗਈ ਤਾਂ ਉਹ ਰੀਪੋਰਟ ਪਾਜ਼ੇਟਿਵ ਆਈ ਸੀ। ਹਸਪਤਾਲ ਦੇ ਸੂਤਰਾਂ ਮੁਤਾਬਕ ਬੇਸ਼ੱਕ ਕਿਸਾਨ ਆਗੂ ਚੜ੍ਹਦੀ ਕਲਾਂ ਵਿਚ ਰਹੇ ਪ੍ਰੰਤੂ ਸ਼ੁਰੂਆਤੀ ਦੌਰ ਦੌਰਾਨ ਕੋਰੋਨਾ ਦਾ ਹਮਲਾ ਕਾਫ਼ੀ ਗੰਭੀਰ ਸੀ।
Joginder singh
ਦਸਣਾ ਬਣਦਾ ਹੈ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ. ਉਗਰਾਹਾਂ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਡਟੇ ਹੋਏ ਹਨ ਤੇ ਕੁੱਝ ਦਿਨ ਪਹਿਲਾਂ ਹੀ ਵਾਪਸ ਅਪਣੇ ਘਰ ਆਏ ਸਨ ਜਿਸ ਤੋਂ ਬਾਅਦ ਉਹ ਖੰਘ ਤੇ ਜ਼ੁਕਾਮ ਤੋਂ ਪੀੜਤ ਹੋ ਗਏ ਜਿਸ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਚੈਕਅਪ ਲਈ ਲਿਆਂਦਾ ਗਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਲੰਮਾਂ ਸਮਾਂ ਭਾਰਤੀ ਫ਼ੌਜ ਵਿਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਜੋਗਿੰਦਰ ਸਿੰਘ ਉਗਰਾਹਾਂ ਸੇਵਾ ਮੁਕਤੀ ਤੋਂ ਬਾਅਦ ਕਿਸਾਨਾਂ ਦੀ ਸੇਵਾ ਵਿਚ ਜੁੱਟ ਗਏ। ਖੱਬੇਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਉਗਰਾਹਾ ਨੇ ਸਾਲ 2002 ਵਿਚ ਅਪਣੀ ਅਲੱਗ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਗਠਨ ਕੀਤਾ ਸੀ।