ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਮਿਲਖਾ ਸਿੰਘ ਦੀ ਧੀ
ਨਿਊਯਾਰਕ, 23 ਅਪ੍ਰੈਲ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆਂ ਭਰ 'ਚ ਜਾਰੀ ਹੈ। ਹੁਣ ਤਕ ਦੁਨੀਆਂ 'ਚ 25 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ 1 ਲੱਖ 78 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਭਰ ਦੇ ਡਾਕਟਰ ਲੋਕਾਂ ਨੂੰ ਠੀਕ ਕਰਨ ਦੇ ਮੋਰਚੇ 'ਤੇ ਡਟੇ ਹੋਏ ਹਨ।
ਅਜਿਹੇ 'ਚ ਸਾਬਕਾ ਉਲੰਪੀਅਨ ਮਿਲਖਾ ਸਿੰਘ ਦੀ ਬੇਟੀ ਵੀ ਅਮਰੀਕਾ 'ਚ ਲੋਕਾਂ ਦਾ ਇਲਾਜ ਕਰਨ 'ਚ ਲੱਗੀ ਹੋਈ ਹੈ। ਮਿਲਖਾ ਸਿੰਘ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿਤੀ ਹੈ। ਮਿਲਖਾ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਧੀ ਮੋਨਾ ਮਿਲਖਾ ਸਿੰਘ ਨਿਊਯਾਰਕ 'ਚ ਡਾਕਟਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪਣੀ ਬੇਟੀ 'ਤੇ ਮਾਣ ਹੈ। ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਰੋਜ਼ਾਨਾ ਉਨ੍ਹਾਂ ਨਾਲ ਗੱਲਬਾਤ ਕਰਦੀ ਹੈ ਅਤੇ ਸਾਨੂੰ ਅਪਣਾ ਧਿਆਨ ਰੱਖਣ ਲਈ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅ ਪਣੀ ਬੇਟੀ ਬਾਰੇ ਚਿੰਤਤ ਹਾਂ ਕਿਉਂਕਿ ਉਹ ਡਿਊਟੀ ਕਰਦੀ ਹੈ।
ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟਰੋਪੋਲੀਟਨ ਹਸਪਤਾਲ ਸੈਂਟਰ 'ਚ ਡਾਕਟਰ ਹੈ। ਉਹ ਕੋਰੋਨਾ ਦੇ ਐਮਰਜੈਂਸੀ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਹੁਣ ਤਕ ਅਮਰੀਕਾ 'ਚ ਇਸ ਮਹਾਂਮਾਰੀ ਦੇ ਕਾਰਨ 46,583 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਸ਼ਹੂਰ ਗੋਲਫ਼ਰ ਤੇ 4 ਵਾਰ ਦੇ ਯੂਰਪੀਅਨ ਟੂਰ ਚੈਂਪੀਅਨ ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਨੇ ਕਿਹਾ, ''ਉਹ ਨਿਊਯਾਰਕ ਦੇ ਮੈਟਰੋਪੋਲੀਟਨ ਹਸਪਤਾਲ 'ਚ ਐਮਰਜੈਂਸੀ ਰੂਮ ਡਾਕਟਰ ਹੈ। ਜਦੋਂ ਵੀ ਕੋਰੋਨਾ ਦੇ ਲੱਛਣ ਵਾਲਾ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਦਾ ਇਲਾਜ ਕਰਨ ਦੀ ਜ਼ਰੂਰਤ ਪੈਂਦੀ ਹੈ।'' ਉਨ੍ਹਾਂ ਕਿਹਾ, ''ਉਹ ਪਹਿਲਾਂ ਮਰੀਜ਼ ਦੀ ਜਾਂਚ ਕਰਦੀ ਹੈ, ਜਿਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਲਈ ਵਿਸ਼ੇਸ਼ ਵਾਰਡ 'ਚ ਭੇਜਿਆ ਜਾਂਦਾ ਹੈ।''
54 ਸਾਲਾ ਮੋਨਾ ਨੇ ਪਟਿਆਲਾ ਤੋਂ ਐਮਬੀਬੀਐਸ ਕੀਤੀ ਅਤੇ 90 ਦੇ ਦਹਾਕੇ 'ਚ ਅਮਰੀਕਾ ਵਿਚ ਸੈਟਲ ਹੋ ਗਈ ਸੀ। ਜੀਵ ਨੇ ਕਿਹਾ, ''ਮੈਨੂੰ ਉਸ 'ਤੇ ਮਾਣ ਹੈ। ਉਹ ਹਰ ਰੋਜ਼ ਮੈਰਾਥਨ ਦੌੜ ਰਹੀ ਹੈ। ਉਹ ਹਫ਼ਤੇ 'ਚ ਪੰਜ ਦਿਨ ਕੰਮ ਕਰਦੀ ਹੈ। ਕਈ ਵਾਰ ਦਿਨ 'ਚ, ਕਦੇ ਰਾਤ 'ਚ ਅਤੇ 12-12 ਘੰਟੇ।'' ਉਨ੍ਹਾਂ ਕਿਹਾ, ''ਮੈਂ ਉਸ ਨੂੰ ਲੈ ਕੇ ਚਿੰਤਤ ਹਾਂ। ਲੋਕਾਂ ਦਾ ਇਲਾਜ ਕਰਦੇ ਸਮੇਂ ਕੁਝ ਵੀ ਹੋ ਸਕਦਾ ਹੈ। ਅਸੀਂ ਉਸ ਨਾਲ ਹਰ ਰੋਜ਼ ਗੱਲ ਕਰਦੇ ਹਾਂ। ਮੰਮੀ ਡੈਡੀ ਵੀ ਹਰ ਰੋਜ਼ ਉਸ ਨਾਲ ਗੱਲਬਾਤ ਕਰਦੇ ਹਨ। ਮੈਂ ਉਸ ਨੂੰ ਸਕਾਰਾਤਮਕ ਰਹਿਣ ਅਤੇ ਅਪਣੀ ਸਿਹਤ ਦਾ ਧਿਆਨ ਰੱਖਣ ਲਈ ਕਹਿੰਦਾ ਹਾਂ।'' ਉਨ੍ਹਾਂ ਕੋਰੋਨਾ ਵਿਰੁਧ ਮੋਰਚੇ 'ਤੇ ਡਟੇ ਮੈਡੀਕਲ ਸਟਾਫ਼ ਦਾ ਸਨਮਾਨ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ''ਮੈਂ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਜੋ ਕੋਰੋਨਾ ਵਿਰੁਧ ਲੜ ਰਹੇ ਹਨ। ਚਾਹੇ ਇਹ ਡਾਕਟਰ, ਪੁਲਿਸ ਜਾਂ ਇਕ ਸਫ਼ਾਈ ਸੇਵਕ ਹੋਵੇ। ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਚਿੰਤਾ ਕਰਨੀ ਚਾਹੀਦੀ ਹੈ। (ਏਜੰਸੀ)