
ਅਬੋਹਰ, ਫ਼ਿਰੋਜ਼ਪੁਰ, ਬਟਾਲਾ, ਰੁਪਨਗਰ ਵਿਖੇ ਦਰਜ ਹੋਇਆ ਮਾਮਲਾ
ਚੰਡੀਗੜ੍ਹ, 23 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇਕ ਨਿਜੀ ਟੀਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖ਼ਿਲਾਫ਼ ਪੰਜਾਬ 'ਚ ਵੱਖ-ਵੱਖ ਥਾਈਂ ਮੁਕੱਦਮੇ ਦਰਜ ਹੋਏ ਹਨ। ਅਰਨਬ ਗੋਸਵਾਮੀ ਉੱਤੇ ਵੀਰਵਾਰ ਨੂੰ ਅਬੋਹਰ, ਫਿਰੋਜ਼ਪੁਰ, ਬਟਾਲਾ, ਰੂਪਨਗਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ ਨਾਲ ਨਫ਼ਰਤ ਦੀ ਭਾਵਨਾ ਨੂੰ ਵਧਾਉਣ ਦੇ ਦੋਸ਼ਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਨੇ ਧਾਰਾ 153 ਏ, 153ਬੀ, 295 ਏ, 504, 506ਅਤੇ ਆਈ.ਟੀ ਐਕਟ ਦੀ ਧਾਰਾ 67 ਤਹਿਤ ਮੁਕੱਦਮਾ ਨੰਬਰ 63 ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਕਿਹਾ ਗਿਆ ਕਿ ਅਰਨਬ ਗੋਸਵਾਮੀ ਵੱਲੋਂ ਆਪਣੇ ਟੀ.ਵੀ ਚੈਨਲ ਉੱਤੇ ਇਕ ਡਿਬੇਟ ਪ੍ਰੋਗਰਾਮ ਦੌਰਾਨ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ।
ਬਟਾਲਾ ਵਿਖੇ ਸੰਪਾਦਕ ਨੂੰ ਤੁਰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਜੋਸਫ਼ ਨੇ ਦੋਸ਼ ਲਾਇਆ ਕਿ ਆਪਣੀ ਨਫ਼ਰਤ ਭਰੀ ਅਤੇ ਬੇਬੁਨਿਆਦ ਅਫਵਾਹਾਂ ਰਾਹੀਂ ਸੰਪਾਦਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਡਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਭਾਈਚਾਰਿਆਂ ਵਿੱਚ ਫੁੱਟ ਪਾ ਕੇ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।