
ਪੀਜੀਆਈ ਵਿਚ ਡਾਕਟਰਾਂ ਦੀ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਐਡਵਾਂਸ ਪੈਡੇਐਟਰਿਕ ਸੈਂਟਰ (ਏਪੀਸੀ) ਵਿਚ ਦਾਖ਼ਲ
ਚੰਡੀਗੜ੍ਹ, 22 ਅਪ੍ਰੈਲ (ਤਰੁਣ ਭਜਨੀ) : ਪੀਜੀਆਈ ਵਿਚ ਡਾਕਟਰਾਂ ਦੀ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਐਡਵਾਂਸ ਪੈਡੇਐਟਰਿਕ ਸੈਂਟਰ (ਏਪੀਸੀ) ਵਿਚ ਦਾਖ਼ਲ ਪੰਜਾਬ ਦੇ ਫ਼ਗਵਾੜਾ ਦੀ ਛੇ ਮਹੀਨੇ ਦੀ ਬੱਚੀ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਬੱਚੀ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਬੱਚੀ ਹਸਪਤਾਲ ਵਿਚ ਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਈ ਹੈ। ਛੇ ਮਹੀਨੇ ਦੀ ਰਿਤੀਕਾ ਦੇ ਦਿਲ ਵਿਚ ਛੇਕ ਸੀ। ਉਸ ਦੇ ਮਾਪੇ ਉਸ ਦਾ ਇਲਾਜ ਕਰਾਉਣ ਲਈ ਪੀਜੀਆਈ ਏਪੀਸੀ ਵਿਚ ਲੈ ਕੇ ਆਏ ਸਨ। ਡਾਕਟਰਾਂ ਨੇ ਸਰਜਰੀ ਲਈ ਬੱਚੀ ਨੂੰ 9 ਅਪ੍ਰੈਲ ਨੂੰ ਦਾਖ਼ਲ ਕਰ ਲਿਆ ਸੀ।
ਦਸਿਆ ਜਾ ਰਿਹਾ ਹੈ ਕਿ ਫਗਵਾੜਾ ਦੀ ਰਹਿਣ ਵਾਲੀ ਬੱਚੀ ਨੂੰ ਦੋ ਦਿਨ ਤੋਂ ਇੰਫ਼ੈਕਸ਼ਨ ਹੋ ਰਿਹਾ ਸੀ। ਡਾਕਟਰਾਂ ਨੂੰ ਕੋਰੋਨਾ ਹੋਣ ਦਾ ਸ਼ੱਕ ਹੋਇਆ। ਮੰਗਲਵਾਰ ਦੁਪਹਿਰ ਉਸ ਦੇ ਟੈਸਟ ਕਰਵਾਏ ਗਏ। ਬੁਧਵਾਰ ਸਵੇਰੇ ਰੀਪੋਰਟ ਆਈ ਤਾਂ ਉਸ ਨੂੰ ਕੋਰੋਨਾ ਪਾਜ਼ੇਟਿਵ ਨਿਕਲਿਆ। ਇਸਦੇ ਬਾਅਦ ਹੀ ਏਪੀਸੀ ਬਲਾਕ ਦੇ ਵਾਰਡ ਵਿਚ ਦਹਿਸ਼ਤ ਫੈਲ ਗਈ। ਅਜਿਹੇ ਵਿਚ ਪੀਜੀਆਈ ਦੇ ਐਡਵਾਂਸ ਪੈਡੇਐਟਰਿਕ ਸੈਂਟਰ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਅਤੇ ਸੈਂਟਰ ਵਿਚ ਦਾਖ਼ਲ ਹੋਰ ਬੱਚਿਆਂ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ।
ਹੁਣ ਬੱਚੀ ਨੂੰ ਕੋਰੋਨਾ ਵਾਰਡ ਵਿਚ ਦਾਖ਼ਲ ਕਰ ਲਿਆ ਗਿਆ ਹੈ। ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੀ ਦੀ ਰੀਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਤੁਰਤ ਛੇ ਡਾਕਟਰਾਂ ਨੂੰ ਕੁਆਰੰਟਿਨ ਕਰ ਦਿਤਾ ਗਿਆ ਹੈ। ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਬੱਚੀ ਨੂੰ ਡਾ. ਅਰੂਣ ਕੁਮਾਰ ਭਾਰਨਵਾਲ ਦੀ ਦੇਖਰੇਖ ਵਿਚ ਦਾਖ਼ਲ ਕੀਤਾ ਗਿਆ ਸੀ। ਉਨ੍ਹਾਂ ਦੀ ਟੀਮ ਦੇ ਡਾਕਟਰਾਂ ਦੀ ਜਾਂਚ ਕਰਵਾਈ ਗਈ ਹੈ ਰੀਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਉਸ ਵਾਰਡ ਵਿਚ ਕੰਮ ਕਰਨ ਵਾਲੇ ਸਵੀਪਰ, ਵਾਰਡ ਬੁਆਏ ਅਤੇ ਹੋਰ ਕਰਮਚਾਰੀਆਂ ਸਮੇਤ ਕੁਲ 13 ਲੋਕਾਂ ਨੂੰ ਕਵਾਰੰਟੀਨ ਕੀਤਾ ਗਿਆ ਹੈ।
File photo
ਪਰਵਾਰ ਦਾ ਦੋਸ਼ : ਪੀਜੀਆਈ ਨੇ ਵਰਤੀ ਲਾਪਰਵਾਹੀ
ਬੱਚੀ ਦੇ ਪਿਤਾ ਰਾਮੂ ਨੇ ਦੋਸ਼ ਲਗਾਇਆ ਕਿ ਪੀਜੀਆਈ ਦੀ ਲਾਪਰਵਾਹੀ ਨਾਲ ਹੀ ਉਨ੍ਹਾਂ ਦੀ ਬੱਚੀ ਨੂੰ ਕੋਰੋਨਾ ਹੋਇਆ ਹੈ। ਉਨ੍ਹਾਂ ਮੁਤਾਬਕ ਬੱਚੀ ਬਿਲਕੁਲ ਠੀਕ ਸੀ। ਦੋ ਦਿਨ ਤੋਂ ਉਸ ਨੂੰ ਇੰਫੈਕਸ਼ਨ ਹੋਇਆ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਉਨ੍ਹਾਂ ਮੁਤਾਬਕ ਪੀਜੀਆਈ ਦੇ ਹੀ ਕਿਸੇ ਡਾਕਟਰ ਜਾਂ ਹੋਰ ਕਰਮਚਾਰੀ ਦੇ ਸੰਪਰਕ ਵਿਚ ਆਉਣ ਨਾਲ ਬੱਚੀ ਨੂੰ ਕੋਰੋਨਾ ਹੋਇਆ ਹੈ।
ਏਪੀਸੀ ਵਾਰਡ ਤੋਂ 24 ਬੱਚਿਆਂ ਨੂੰ ਕੀਤਾ ਸ਼ਿਫਟ : ਪੀਜੀਆਈ ਦੇ ਏਪੀਸੀ ਬਲਾਕ ਦੇ ਜਿਸ ਵਾਰਡ ਵਿਚ ਬੱਚੀ ਭਰਤੀ ਸੀ ਉਸ ਵਾਰਡ ਤੋਂ 24 ਬੱਚਿਆਂ ਨੂੰ ਸ਼ਿਫਟ ਕੀਤਾ ਜਾ ਚੁੱਕਾ ਹੈ। ਬੱਚਿਆਂ ਦੇ ਮਾਪਿਆਂ ਨੇ ਇਸ ਦੀ ਮੰਗ ਪੀਜੀਆਈ ਪ੍ਰਸ਼ਾਸਨ ਤੋਂ ਕੀਤੀ ਸੀ। ਇਸ ਦੇ ਇਲਾਵਾ ਜੋ ਵੀ ਮਰੀਜ਼ਾਂ ਉਥੇ ਦਾਖ਼ਲ ਹਨ, ਸਾਰਿਆਂ ਨੂੰ ਦੂਜੀ ਥਾਂ ਤੇ ਸ਼ਿਫਟ ਕੀਤਾ ਜਾਵੇਗਾ।