
ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਸਿੱਟ ਬਣਾਉਣ ਲਈ ਵਿਚਾਰ ਕਰਨ ਲੱਗੀ ਕੈਪਟਨ ਸਰਕਾਰ
ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਭੁੱਲਰ ਜਾਂ ਜਤਿੰਦਰ ਔਲਖ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
ਚੰਡੀਗੜ੍ਹ, 22 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਬਾਅਦ ਹੁਣ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਨਵੀਂ (ਵਿਸ਼ੇਸ਼ ਜਾਂਚ ਟੀਮ) ਸਿੱਟ ਬਣਾਉਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿਤਾ ਹੈ, ਭਾਵੇਂ ਕਿ ਹਾਲੇ ਹਾਈਕੋਰਟ ਦੀ ਫੁੱਲ ਜੱਜਮੈਂਟ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵੀ ਬੀਤੇ ਦਿਨੀਂ ਸਰਕਾਰ ਵਲੋਂ ਛੇਤੀ ਨਵੀਂ ਸਿੱਟ ਬਣਾਉਣ ਅਤੇ 2 ਮਹੀਨੇ ਦੇ ਸਮੇਂ ਵਿਚ ਪੀੜਤਾਂ ਨੂੰ ਮੁੜ ਜਾਂਚ ਕਰਵਾ ਕੇ ਨਿਆਂ ਦਿਵਾਉਣ ਦੀ ਗੱਲ ਆਖੀ ਸੀ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ’ਤੇ ਪ੍ਰਤੀਕਰਮ ਵਿਚ ਇਹ ਗੱਲ ਆਖੀ ਸੀ। ਡਾ. ਵੇਰਕਾ ਦਾ ਕਹਿਣਾ ਸੀ ਕਿ ਕੁੰਵਰ ਵਿਜੈ ਨੂੰ ਇਸ ਤਰ੍ਹਾਂ ਜਾਂਚ ਦਾ ਮਾਮਲਾ ਸਿਰੇ ਲਗਣ ਤੋਂ ਪਹਿਲਾਂ ਵਿਚਾਲਿਉਂ ਨੌਕਰੀ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ।
ਇਸ ਸਮੇਂ ਸਰਕਾਰ ਕੋਲ ਹਾਈਕੋਰਟ ਦੇ ਫ਼ੈਸਲੇ ਬਾਅਦ ਦੋ ਹੀ ਮੁੱਖ ਵਿਕਲਪ ਹਨ। ਫ਼ੈਸਲੇ ਨੂੰ ਚੁਣੌਤੀ ਦੇਣਾ ਜਾਂ ਨਵੀਂ ਸਿੱਟ ਬਣਾ ਕੇ ਮੁੜ ਜਾਂਚ ਕਰਵਾਉਣਾ। ਪਤਾ ਲੱਗਾ ਹੈ ਕਿ ਇਸ ਸਮੇਂ ਸਰਕਾਰ ਤੇ ਕਾਂਗਰਸ ਅੰਦਰ ਵੀ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਰਹੀ ਹੈ ਕਿ ਨਵੀਂ ਸਿੱਟ ਬਣਾ ਕੇ 2 ਮਹੀਨੇ ਦਾ ਸਮਾਂ ਤੈਅ ਕਰ ਕੇ ਪੁਰਾਣੀ ਜਾਂਚ ਦੇ ਆਧਾਰ ’ਤੇ ਮੁੜ ਜਾਂਚ ਮੁਕੰਮਲ ਕਰ ਕੇ ਗੋਲੀ ਕਾਂਡ ਦੇ ਦੋਸ਼ੀਆਂ ਵਿਰੁਧ ਚਲਾਨ ਪੇਸ਼ ਕਰ ਕੇ ਮਾਮਲੇ ਨੂੰ ਨਤੀਜੇ ਤਕ ਪਹੁੰਚਾਇਆ ਜਾਵੇ। ਨਵੀਂ ਸਿੱਟ ਲਈ ਚੰਗੇ ਪੁਲਿਸ ਅਫ਼ਸਰਾਂ ਦੇ ਨਾਵਾਂ ’ਤੇ ਮੰਥਨ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੀਨੀਅਰ ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਭੁੱਲਰ ਜਾਂ ਜਤਿੰਦਰ ਔਲਖ ਨੂੰ ਨਵੀਂ ਸਿੱਟ ਦੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ।