
ਭਾਰਤ 'ਚ ਇਕ ਦਿਨ ਵਿਚ ਆਏ ਕੋਵਿਡ-19 ਦੇ ਰੀਕਾਰਡ 3.14 ਲੱਖ ਤੋਂ ਵੱਧ ਨਵੇਂ ਮਾਮਲੇ
ਹੁਣ ਤਕ ਕਿਸੇ ਦੇਸ਼ ਵਿਚ ਦਰਜ ਸੱਭ ਤੋਂ ਜ਼ਿਆਦਾ ਅੰਕੜੇ ਸਾਹਮਣੇ ਆਏ
ਨਵੀਂ ਦਿੱਲੀ, 22 ਅਪ੍ਰੈਲ : ਦੇਸ਼ 'ਚ ਵੀਰਵਾਰ ਨੂੰ ਕੋਵਿਡ 19 ਦੇ ਹੁਣ ਤਕ ਦੇ ਸੱਭ ਤੋਂ ਵੱਧ 3.14 ਲੱਖ ਤੋਂ ਵੱਧ ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਵੱਧ ਕੇ 1,59,30,965 ਹੋ ਗਈ | ਦੁਨੀਆ ਦੇ ਕਿਸੇ ਵੀ ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦਾ ਇਹ ਸੱਭ ਤੋਂ ਵੱਧ ਅੰਕੜਾ ਹੈ |
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਲਾਗ ਦੇ 3,14,835 ਨਵੇਂ ਮਾਮਲੇ ਸਾਹਮਣੇ ਆਏ ਜਦਕਿ 2104 ਹੋਰ ਮਰੀਜ਼ਾ ਦੀ ਮੌਤ ਹੋ ਜਾਣ ਦੇ ਨਾਲ ਹੁਣ ਤਕ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,84,657 ਹੋ ਗਈ ਹੈ | ਲਗਾਤਾਰ 43ਵੇਂ ਦਿਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਹ 22,91,428 ਹੋ ਗਈ ਹੈ ਜੋ ਕਿ ਲਾਗ ਦੇ ਕੁਲ ਮਾਮਲਿਆਂ ਦਾ 14.38 ਫ਼ੀ ਸਦੀ ਹੈ | ਦੇਸ਼ 'ਚ ਕੋਵਿਡ 19 ਤੋਂ ਠੀਕ ਹੋਣ ਦੀ ਦਰ 84.46 ਹੋ ਗਈ ਹੈ | ਲਾਗ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 1,34,54,880 ਹੋ ਗਈ ਹੈ | ਮੌਤ ਦਰ 1.16 ਫ਼ੀ ਸਦੀ ਹੋ ਗਈ ਹੈ | ਆਈ.ਸੀ.ਐਮ.ਆਰ. ਮੁਤਾਬਕ 21 ਅਪ੍ਰੈਲ ਤਕ 27,27,05,103 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ 'ਚੋਂ 16,51,711 ਸੈਂਪਲਾਂ ਦੀ ਜਾਂਚ ਬੁਧਵਾਰ ਨੂੰ ਕੀਤੀ ਗਈ |
(ਏਜੰਸੀ)image