
ਗ੍ਰਾਮ ਸਭਾ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ
ਚੰਡੀਗੜ੍ਹ - ਰਾਸ਼ਟਰੀ ਪੰਚਾਇਤ ਦਿਹਾੜੇ ਨੂੰ ਸਮਰਪਿਤ ਮੌਜੂਦਾ ਸਮੇਂ ਵਿਚ ਗ੍ਰਾਮ ਸਭਾ ਦੀ ਭੂਮਿਕਾ ਬਾਰੇ ਪਿੰਡ ਬਚਾਓ ਪੰਜਾਬ ਬਚਾਓ ਦੇ ਬੈਨਰ ਹੇਠ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਬਾਰੇ ਕੂੰਜੀਵਤ ਭਾਸ਼ਣ ਹਮੀਰ ਸਿੰਘ ਵੱਲ਼ੋਂ ਦਿੱਤਾ ਗਿਆ। ਜਿਸ ਵਿਚ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਵਿਚ ਪੰਜਾਬ ਸਰਕਾਰ ਦੇ ਬਜਟ ਦਾ ਇੱਕ ਵੀ ਪੈਸਾ ਪਿੰਡਾਂ ਦੇ ਵਿਕਾਸ ਲਈ ਨਹੀਂ ਭੇਜਿਆ ਗਿਆ ਇਸ ਦੀ ਤਸਦੀਕ ਲਖਨਪਾਲ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਵਿਚ ਹੁੰਦੀ ਹੈ।
ਗਿਆਨੀ ਕੇਵਲ ਸਿੰਘ ਨੇ ਆਪਣੇ ਭੇਜੇ ਸੰਦੇਸ਼ ਵਿਚ ਪਿੰਡ ਬਚਾਓ ਪੰਜਾਬ ਬਚਾਓ ਦੇ ਛੋਟੇ ਜਿਹੇ ਮੁਹਾਜ ਨੇ ਜਿਸ ਦ੍ਰਿੜਤਾ ਨਾਲ ਪਿਛਲੇ ਇਕ ਦਹਾਕੇ ਤੋਂ ਪੰਜਾਬ ਅੰਦਰ ਪੰਚਾਇਤ ਰਾਜ ਐਕਟ ਨੂੰ ਲਾਗੂ ਕਰਨ ਲਈ ਕੰਮ ਕੀਤਾ ਹੈ ਇਹ ਕੇਵਲ ਇਸ ਦੇ ਹਿੱਸੇ ਹੀ ਆਇਆ ਹੈ। ਪੰਜਾਬ ਦੀ ਹੋਰ ਕੋਈ ਵੀ ਸੰਸਥਾ ਜਾਂ ਧਿਰ ਇਸ ਵਾਂਗੂੰ ਨਿੱਠ ਕੇ ਇਸ ਖੇਤਰ ਵਿਚ ਕੰਮ ਨਹੀਂ ਕਰਦੀ। ਹੋਰ ਵੀ ਲੋਕਤੰਤਰ ਦੀ ਰਾਖੀ ਲਈ ਕਈ ਢੰਗ ਤਰੀਕਿਆਂ ਨਾਲ ਮਨੁੱਖੀ ਹੱਕਾਂ ਲਈ ਅਵਾਜ਼ ਵੀ ਉਠਾਈ ਹੈ। ਨਵੀਂ ਬਣੀ ਹਕੂਮਤ ਵਾਲੇ ਕਈ ਜਿੰਮੇਵਾਰ ਗ੍ਰਾਮ ਸਭਾ ਦੀ ਗੱਲ ਕਰਦੇ ਸੁਣੀਦੇ ਹਨ। ਅਮਲ ਕਿੰਨਾ ਕੁ ਕਰਨਗੇ ਇਹ ਤਾਂ ਭਵਿੱਖ ਦੀਆਂ ਇਸ ਪੱਖ ਦੀਆਂ ਹੋਣ ਵਾਲੀਆਂ ਗਤੀਵਿਧੀਆਂ 'ਤੇ ਨਿਰਭਰ ਰਹੇਗਾ।
ਕਰਨੈਲ ਸਿੰਘ ਜਖੇਪਲ ਨੇ ਪਿਛਲੇ ਸਮੇਂ ਵਿਚ ਪੰਜਾਬ ਦੇ ਪਿੰਡਾਂ ਵਿਚ ਗ੍ਰਾਮ ਸਭਾ ਦੇ ਰੋਲ ਅਤੇ ਪ੍ਰਾਪਤੀਆਂ ਬਾਰੇ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਦਰਸ਼ਨ ਸਿੰਘ ਧਨੇਠਾ ਨੇ ਗੀਤ ਰਾਂਹੀ ਹਾਜ਼ਰੀ ਲਵਾਈ। ਡਾ. ਮੇਘਾ ਸਿੰਘ ਨੇ ਪੰਚਾਇਤ ਅਧਿਕਾਰੀਆਂ ਵੱਲੋਂ ਗ੍ਰਾਮ ਸਭਾਵਾਂ ਦੇ ਆਯੋਜਨ ਵਿਚ ਪਾਈਆਂ ਰੁਕਾਵਟਾਂ ਦਾ ਵਿਸਥਾਰਪੂਰਵਕ ਵਰਨਣ ਕੀਤਾ। ਤਰਲੋਚਨ ਸਿੰਘ ਸੂਲਰ ਨੇ ਸੰਗਰੂਰ ਇਲਾਕੇ ਵਿਚ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗ੍ਰਾਮ ਸਭਾ ਰਾਹੀ ਹੱਲ ਕਰਨ ਬਾਰੇ ਦੱਸਿਆ। ਪ੍ਰੀਤਮ ਸਿੰਘ ਨੇ ਆਪਣੇ ਨਗਰ ਨੂੰ ਇੱਕ ਰੱਖਣ ਵਿਚ ਗ੍ਰਾਮ ਸਭਾ ਦੀ ਸ਼ਕਤੀ ਦੇ ਇਸਤੇਮਾਲ ਕਰਨ ਦੀ ਗਿਆਨ ਭਰਪੂਰ ਜਾਣਕਾਰੀ ਦਿੱਤੀ। ਗਫੁਰ ਜੀ ਜਮਾਤੇ ਇਸਲਾਮੀ ਨੇ ਗ੍ਰਾਮ ਸਭਾ ਦੇ ਇਤਿਹਾਸ ਵਰਤਮਾਨ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਣ ਵਿਚ ਗ੍ਰਾਮ ਸਭਾਵਾਂ ਦੇ ਯੋਗਦਾਨ ਬਾਰੇ ਦੱਸਿਆ।
ਅਮਰਜੀਤ ਸਿੰਘ ਵਾਲੀਆ ਪੰਜਾਬੀ ਵਿਕਾਸ ਮੰਚ ਨੇ ਗ੍ਰਾਮ ਸਭਾਵਾਂ ਰਾਹੀ ਪੈਂਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਬਾਰੇ ਚਾਨਣਾ ਪਾਇਆ। ਗੁਰਮੀਤ ਸਿੰਘ ਥੂਹੀ ਨੇ ਗ੍ਰਾਮ ਸਭਾਵਾਂ ਰਾਹੀ ਔਰਤਾਂ ਦੇ ਸਮਾਜ ਦੇ ਵਿਕਾਸ ਵਿਚ ਭਾਗੀਦਾਰੀ ਬਾਰੇ ਵਿਚਾਰ ਪੇਸ਼ ਕੀਤੇ। ਏਅਰ ਮਾਰਸ਼ਲ ਗਿੱਲ ਨੇ ਲੁਧਿਆਣਾ ਖੇਤਰ ਵਿਚ ਗ੍ਰਾਮ ਸਭਾਵਾਂ ਰਾਹੀ ਕੀਤੇ ਗਏ ਸਫ਼ਾਈ ਦੇ ਕਾਰਜਾਂ ਦਾ ਅੰਕੜਾ ਪੇਸ਼ ਕੀਤਾ। ਬੀਬੀ ਕੁਲਵਿੰਦਰ ਕੌਰ ਰਾਮਗੜ੍ਹ ਨੇ ਮਨਰੇਗਾ ਔਰਤਾਂ ਦੇ ਕਾਰਜਾਂ ਵਿਚ ਪੰਚਾਇਤ ਵਿਭਾਗ ਵੱਲੋਂ ਪਾਈਆਂ ਰੁਕਾਵਟਾਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ।
ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਲੋਕਤੰਤਰ ਵਿਚ ਗ੍ਰਾਮ ਸਭਾ ਦੀ ਪ੍ਰਸੰਗਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਾਜਵਿੰਦਰ ਸਿੰਘ ਰਾਹੀ ਨੇ ਦਲਿਤ ਸਮਾਜ ਦੇ ਵਰਤਮਾਨ ਹਾਲਾਤ ਅਤੇ ਪੰਚਾਇਤੀ ਵਿਭਾਗ ਦੇ ਮੌਜੂਦਾ ਰੋਲ ਬਾਰੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਡਾ. ਖੁਸ਼ਹਾਲ ਸਿੰਘ ਨੇ ਨਿਭਾਈ। ਬਲਵੰਤ ਸਿੰਘ ਖੇੜਾ ਨੇ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਸਮਾਗਮ ਵਿਚ ਸੁਰਿੰਦਰ ਸਿੰਘ ਕਿਸ਼ਨਪੁਰਾ, ਸਰਬਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਸ. ਸੁਖਦੇਵ ਸਿੰਘ ਸੰਧੂ, ਕਿਰਨਜੀਤ ਕੌਰ ਝਨੀਰ ਅਤੇ ਅਮਰਜੀਤ ਸਿੰਘ ਬੁੱਗਾਕਲਾਂ ਆਦਿ ਸ਼ਾਮਿਲ ਹੋਏ।