
ਇਸ ਸਬੰਧ ਵਿਚ ਕਿਸੇ ਵੀ ਵਿਅਕਤੀ ਦਾ ਚਲਾਨ ਨਹੀਂ ਹੋਵੇਗਾ ਬਲਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ
ਚੰਡੀਗੜ੍ਹ : ਟਰਾਂਸਪੋਰਟ ਵਿਭਾਗ ਵੱਲੋਂ ਅੱਜ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਖ਼ਬਰ ਇਹ ਸਾਹਮਣੇ ਆਈ ਹੈ ਕਿ ਇਸ ਫੈਸਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫ਼ੀ ਨਾਰਾਜ਼ ਹਨ। ਜਿਸ ਤੋਂ ਬਾਅਦ ਇਹ ਸਰਕਾਰੀ ਫਰਮਾਨ ਵਾਪਸ ਲੈ ਲਿਆ ਗਿਆ ਹੈ। ਏਡੀਜੀਪੀ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਜੋ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਹੁਣ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਜਾਵੇ। ਹੁਣ ਇਸ ਸਬੰਧ ਵਿਚ ਕਿਸੇ ਵੀ ਵਿਅਕਤੀ ਦਾ ਚਲਾਨ ਨਹੀਂ ਹੋਵੇਗਾ ਬਲਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਇਹ ਗੈਰਕਾਨੂੰਨੀ ਹਨ ਤੇ ਇਸ ਨਾਲ ਹਾਦਸੇ ਵਾਪਰਦੇ ਹਨ।
ਜ਼ਿਕਰਯੋਗ ਹੈ ਕਿ ਟਰਾਂਸਪੋਰਟ ਵਿਭਾਗ ਨੇ ਲੋਕਾਂ ਵੱਲੋਂ ਮੋਟਰਸਾਈਕਲ ਜੋੜ ਕੇ ਬਣਾਈਆ ਗਈਆਂ ਜੁਗਾੜੂ ਰੇਹੜੀਆਂ ਉੱਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤੋਂ ਬਾਅਦ ਪੰਜਾਬ ਸਰਕਾਰ ’ਤੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਇਸ ਨਾਲ ਉਨ੍ਹਾਂ ਦੇ ਰੁਜ਼ਗਾਰ ਖ਼ਤਮ ਹੋ ਜਾਣਗੇ। ਇਸ ਫ਼ੈਸਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ‘ਆਪ’ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਇਹ ਸਰਕਾਰੀ ਫਰਮਾਨ ਵਾਪਸ ਲੈ ਲਿਆ ਗਿਆ ਹੈ।