
ਪ੍ਰਧਾਨ ਮੰਤਰੀ ਮੋਦੀ ਨੇ ਬੋਰਿਸ ਜਾਨਸਨ ਨਾਲ ਕੀਤੀ ਬੈਠਕ, ਰਖਿਆ-ਵਪਾਰ ਦੇ ਮੁੱਦਿਆਂ ’ਤੇ ਕੀਤੀ ਚਰਚਾ
ਸਮੁੰਦਰੀ ਤੂਫ਼ਾਨਾਂ ’ਚ ਭਾਰਤ ਅਤੇ ਬਰਤਾਨੀਆ ਦੀ ਭਾਈਵਾਲੀ ਚਮਕ ਰਹੀ ਹੈ : ਜਾਨਸਨ
ਨਵੀਂ ਦਿੱਲੀ, 22 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੌਰੇ ’ਤੇ ਆਏ ਆਪਣੇ ਬ੍ਰਿਟਿਸ਼ ਹਮਅਹੁਦਾ ਬੋਰਿਸ ਜਾਨਸਨ ਨਾਲ ਰੱਖਿਆ, ਵਪਾਰ ਅਤੇ ਸਾਫ ਊਰਜਾ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਹੋਰ ਵਿਸਤਾਰ ਦੇਣ ਲਈ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਇਕ ਟਵੀਟ ’ਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੋਰਿਸ ਜਾਨਸਨ ਨੇ ਨਵੀਂ ਦਿੱਲੀ ’ਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਰਸਤਿਆਂ ਬਾਰੇ ਚਰਚਾ ਕੀਤੀ। ਇਸ ਗੱਲਬਾਤ ਵਿਚ ਭਾਰਤ ਬ੍ਰਿਟੇਨ ਨੇ ਯੂਕਰੇਨ ਵਿਚ ਜੰਗ ਬੰਦੀ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ ਦਿਤਾ ਗਿਆ। ਦੋਵੇਂ ਨੇਤਾਵਾਂ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਫ਼ਗ਼ਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਦੂਜੇ ਦੇਸ਼ਾਂ ’ਚ ਅਤਿਵਾਦ ਫੈਲਾਉਣ ਲਈ ਨਾ ਕੀਤਾ ਜਾਵੇ।
ਗੱਲਬਾਤ ਤੋਂ ਪਹਿਲਾਂ ਬ੍ਰਿਟੇਨ ਨੇ ਕਿਹਾ ਕਿ ਉਹ ਭਾਰਤ ਨੂੰ ਬਿਹਤਰੀਨ ਬ੍ਰਿਟਿਸ਼ ਐਡਵਾਂਸਡ ਲੜਾਕੂ ਜਹਾਜ਼ ਬਣਾਉਣ ਬਾਰੇ ਜਾਣਕਾਰੀ ਦੇਵੇਗਾ ਅਤੇ ਹਿੰਦ ਮਹਾਸਾਗਰ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਦੀਆਂ ਤਕਨੀਕੀ ਲੋੜਾਂ ਦਾ ਸਮਰਥਨ ਕਰੇਗਾ। ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਭਾਰਤ ਨਾਲ ਇਕ ਵੱਡੀ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੇ ਸਮਰਥਨ ’ਚ ਬ੍ਰਿਟੇਨ ਭਾਰਤ ਨੂੰ ਇਕ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓ.ਜੀ.ਈ.ਐੱਲ) ਜਾਰੀ ਕਰੇਗਾ, ਜਿਸ ਨਾਲ ਨੌਕਰਸ਼ਾਹੀ ਘੱਟ ਹੋਵੇਗੀ ਅਤੇ ਰੱਖਿਆ ਖਰੀਦ ਲਈ ਸਪਲਾਈ ਦਾ ਸਮਾਂ ਘਟ ਹੋਵੇਗਾ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 2030 ਲਈ ਰੋਡਮੈਪ ਤਿਆਰ ਕਰਨ ਲਈ ਵਿਕਾਸ ਦੀ ਸਮੀਖਿਆ ਕੀਤੀ ਅਤੇ ਭਵਿੱਖ ਲਈ ਕੁਝ ਟੀਚੇ ਨਿਰਧਾਰਿਤ ਕੀਤੇ ਗਏ। ਮੋਦੀ ਨੇ ਕਿਹਾ ਕਿ ਇਸ ਸਾਲ ਦੇ ਅਖ਼ੀਰ ਤਕ ਭਾਰਤ ਬ੍ਰਿਟੇਨ ਮੁਕਤ ਵਪਾਰ ਦੇ ਸਮਝੌਤੇ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾਂ ਅਤੇ ਪ੍ਰਭੂਸੱਤਾ ਦੇ ਸਨਮਾਨ ਦੇ ਮਹੱਤਵ ਬਾਰੇ ਵੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਵਧੀਆ ਰਹੀ ਹੈ। ਇਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੀ ਹੈ।
ਬ੍ਰਿਟਿਸ਼ ਉਚ ਆਯੋਗ ਨੇ ਕਿਹਾ ਕਿ ਜਾਨਸਨ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਪੰਜ ਖੇਤਰਾਂ ਭੂਮੀ, ਸਮੁੰਦਰ, ਹਵਾ, ਪੁਲਾੜ ਅਤੇ ਸਾਈਬਰ ’ਚ ਅਗਲੀ ਪੀੜੀ ਦੀ ਰਖਿਆ ਅਤੇ ਸੁਰਖਿਆ ਭਾਗੀਦਾਰੀ ’ਤੇ ਚਰਚਾ ਕਰਨ ਦੀ ਉਮੀਦ ਹੈ ਕਿਉਂਕਿ ਦੋਵੇਂ ਦੇਸ਼ ਜਟਿਲ ਖਤਰਿਆਂ ਦਾ ਸਾਹਮਣਾਂ ਕਰ ਰਹੇ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰੂਸ-ਯੂਕਰੇਨ ਯੁੱਧ ਦੇ ਪਿਛੋਕੜ ’ਚ ਵੀਰਵਾਰ ਨੂੰ ਦੋ ਦਿਨਾਂ ਦੌਰੇ ’ਤੇ ਭਾਰਤ ਪਹੁੰਚੇ। ਹਾਈ ਕਮਿਸ਼ਨ ਨੇ ਜਾਨਸਨ ਦੇ ਹਵਾਲੇ ਤੋਂ ਕਿਹਾ ਕਿ ਦੁਨੀਆ ਨੂੰ ਤਾਨਾਸ਼ਾਹ ਦੇਸ਼ਾਂ ਤੋਂ ਵੱਧ ਰਹੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਲੋਕਤੰਤਰ ਨੂੰ ਕਮਜ਼ੋਰ ਕਰਨਾ, ਮੁਕਤ ਵਪਾਰ ਨੂੰ ਖਤਮ ਕਰਨਾ ਅਤੇ ਪ੍ਰਭੂਸੱਤਾ ਨੂੰ ਕੁਚਲਣਾ ਚਾਹੁੰਦੇ ਹਨ। ਇਨ੍ਹਾਂ ਤੂਫ਼ਾਨੀ ਸਮੁੰਦਰਾਂ ’ਚ ਭਾਰਤ ਨਾਲ ਬਰਤਾਨੀਆ ਦੀ ਭਾਈਵਾਲੀ ਚਮਕ ਰਹੀ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਯੂਕੇ ਅਤੇ ਭਾਰਤ ਕਿਫਾਇਤੀ ਹਰੇ ਹਾਈਡ੍ਰੋਜਨ ’ਤੇ ਕੰਮ ਨੂੰ ਤੇਜ਼ ਕਰਨ ਲਈ ਇਕ ਵਰਚੁਅਲ ਹਾਈਡ੍ਰੋਜਨ ਵਿਗਿਆਨ ਅਤੇ ਨਵੀਨਤਾ ਹੱਬ ਦੀ ਸ਼ੁਰੂਆਤ ਕਰ ਰਹੇ ਹਨ। (ਪੀਟੀਆਈ)