
ਪਲਾਸਟਿਕ ਦੀ ਬੋਤਲ ਵਾਲਾ ਪਾਣੀ ਵੀ ਸਿਹਤ ਲਈ ਹਾਨੀਕਾਰਕ ਹੈ
ਚੰਡੀਗੜ੍ਹ - ਪੰਜਾਬ ਸਰਕਾਰ ਹਰ ਰੋਜ਼ ਕੋਈ ਨਾ ਕੋਈ ਨਵਾਂ ਐਲਾਨ ਕਰਦੀ ਤੇ ਕਈ ਚੀਜ਼ਾਂ 'ਤੇ ਪਾਬੰਧੀ ਵੀ ਲਗਾ ਰਹੀ ਹੈ। ਹੁਣ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਡਾਇਰੈਕਟੋਰੇਟ ਨੇ ਸਰਕਾਰੀ ਆਯੋਜਨਾ 'ਚ ਗੁਲਦਸਤੇ ਅਤੇ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਪਾਣੀ ਦਾ ਇਸਤੇਮਾਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸੂਬੇ 'ਚ ਹੁਣ ਕਿਸੇ ਵੀ ਪ੍ਰੋਗਰਾਮ 'ਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਖਾਸ ਮਹਿਮਾਨ ਦੇ ਆਉਣ 'ਤੇ ਗੁਲਦਸਤੇ ਦਿੱਤੇ ਜਾਣਗੇ।
ਪੰਜਾਬ ਦੇ ਸਾਰੇ ਸਿਵਲ ਸਰਜਨ ਨੂੰ ਲਿਖੇ ਪੱਤਰ 'ਚ ਸਿਹਤ ਅਤੇ ਪਰਿਵਾਰ ਕਲਿਆਣ ਨਿਰਦੇਸ਼ ਨੇ ਕਿਹਾ ਕਿ ਸਿਹਤ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਦੇ ਅਧਿਕਾਰਕ ਸਮਾਰੋਹ/ ਪ੍ਰੋਗਰਾਮਾਂ 'ਚ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਪਾਣੀ ਦੇ ਇਸਤੇਮਾਲ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਹ ਕਦਮ ਪਲਾਸਟਿਕ ਦੇ ਕਚਰੇ, ਪ੍ਰਦੂਸ਼ਣ ਘਟਾਉਣ ਤੇ ਵਾਤਾਵਰਣ ਸੁਰੱਖਿਆ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਇਸ ਹੁਕਮ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਹੈ। ਦਰਅਸਲ ਪਲਾਸਟਿਕ ਵੇਸਟ ਇਕ ਵੱਡੀ ਚੁਣੌਤੀ ਬਣ ਰਿਹਾ ਹੈ ਅਤੇ ਪਲਾਸਟਿਕ ਦੀ ਬੋਤਲ ਵਾਲਾ ਪਾਣੀ ਵੀ ਸਿਹਤ ਲਈ ਹਾਨੀਕਾਰਕ ਹੈ।
plastic Bottles
ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਤੱਕ ਬੋਤਲ ਬੰਦ ਪਾਣੀ ਕਿਸੇ ਵਿਅਕਤੀ ਤੱਕ ਪਹੁੰਚਦਾ ਹੈ, ਉਦੋਂ ਤੱਕ ਇਹ ਪੀਣ ਦੇ ਯੋਗ ਨਹੀਂ ਹੁੰਦਾ। ਪਲਾਸਟਿਕ ਦੀ ਬੋਤਲ ਦੇ ਪਾਣੀ ਵਿਚ ਪਲਾਸਟਿਕ ਦੇ ਕਣਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕੈਮੀਕਲ ਵੀ ਹੁੰਦੇ ਹਨ। ਇਹ ਸਿਹਤ ਲਈ ਹਾਨੀਕਾਰਕ ਹੈ।
ਦੱਸ ਦਈਏ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਵਿਭਾਗ ਕਈ ਅਹਿਮ ਫੈਸਲੇ ਲੈ ਰਿਹਾ ਹੈ। ਵਿਭਾਗ ਵੱਲੋਂ ਮੁਹੱਲਾ ਕਲੀਨਿਕ ਖੋਲ੍ਹਣ ਲਈ ਰੋਡਮੈਪ ਵੀ ਤਿਆਰ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਗਾਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿਚ ਮੁਹੱਲਾ ਕਲੀਨਿਕ ਵੀ ਇੱਕ ਹੈ।